ਫ਼ਤਹਿਗੜ੍ਹ ਸਾਹਿਬ, 20 ਫਰਵਰੀ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿਚ ਕੈਂਪ ਲਗਾ ਕੇ ਲੋਕਾਂ ਦੇ ਕਾਰਡ ਬਣਾਏ ਜਾ ਰਹੇ ਹਨ | ਇਸੇ ਮੁਹਿੰਮ ਦੇ ਤਹਿਤ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਜੱਲ੍ਹਾ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕੈਂਪ ਲਗਾਇਆ ਗਿਆ ਤੇ ਕੈਂਪ ਦਾ ਜਾਇਜ਼ਾ ਲੈਣ ਦੇ ਲਈ ਪੰਜਾਬ ਸਰਕਾਰ ਦੇ ਡਿਵੈਲਪਮੈਂਟ ਕਮਿਸ਼ਨ ਦੇ ਮੈਂਬਰ ਸਤਿੰਦਰਪਾਲ ਸਿੰਘ ਅਤੇ ਨੋਡਲ ਅਫ਼ਸਰ ਕੇਵਲ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਨੋਡਲ ਅਫ਼ਸਰ ਕੇਵਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ 10 ਲੱਖ ਰੁਪਏ ਤੱਕ ਦੀ ਸਿਹਤ ਯੋਜਨਾ ਦਾ ਲਾਭ ਦੇਣ ਦੇ ਲਈ ਤੱਤਪਰ ਹੈ | ਇਸ ਲਈ ਪਿੰਡਾਂ ਅਤੇ ਸ਼ਹਿਰਾਂ ਦੇ ਵਿਚ ਵੱਖ-ਵੱਖ ਸਥਾਨਾਂ 'ਤੇ ਕੈਂਪ ਲਗਾ ਕੇ ਸਿਹਤ ਯੋਜਨਾ ਦੇ ਕਾਰਡ ਬਣਾਏ ਜਾ ਰਹੇ ਹਨ | ਇਸ ਮੌਕੇ ਸੁਸਾਇਟੀ ਪ੍ਰਧਾਨ ਤੇ 'ਆਪ' ਆਗੂ ਗੁਰਵੀਰ ਸਿੰਘ ਜੱਲ੍ਹਾ ਵਲੋਂ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਬਣਨ ਵਾਲੇ ਕਾਰਡਾਂ ਵਿਚ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ ਤਾਂ ਪੰਜਾਬ ਡਿਵੈਲਪਮੈਂਟ ਕਮਿਸ਼ਨ ਦੇ ਮੈਂਬਰ ਸੁਰਿੰਦਰਪਾਲ ਸਿੰਘ ਵਲੋਂ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਸਰਕਾਰੀ ਪੱਧਰ 'ਤੇ ਜਲਦ ਹੱਲ ਕਰਵਾਉਣਗੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਕਤ ਸਕੀਮ ਦੇ ਤਹਿਤ ਸੂਬੇ ਦੇ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦੀ ਸਿਹਤ ਯੋਜਨਾ ਦਾ ਲਾਭ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਆਰਥਿਕ ਕਮਜ਼ੋਰੀ ਦੇ ਕਾਰਨ ਕੋਈ ਵਿਅਕਤੀ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਵੇ | ਇਸ ਮੌਕੇ 'ਤੇ ਅਭਿਸ਼ੇਕ ਕੁਮਾਰ ਸੀਨੀਅਰ ਫੋਲੋ ਪੰਜਾਬ ਡਿਵੈਲਪਮੈਂਟ ਕਮਿਸ਼ਨ, ਭਵਨਜੀਤ ਸਿੰਘ, ਹਰਪ੍ਰੀਤ ਸਿੰਘ, ਮੁਕੇਸ਼ ਸ਼ੁਕਲਾ ਨਰੀਖਕ ਖ਼ੁਰਾਕ ਐਂਡ ਸਪਲਾਈ, ਬਲਾਕ ਸੰਮਤੀ ਮੈਂਬਰ ਸਤਵੀਰ ਸਿੰਘ, ਰੁਪਿੰਦਰ ਸਿੰਘ ਜੱਲ੍ਹਾ, ਕਰਨੈਲ ਸਿੰਘ, ਪੰਚ ਬਲਵੰਤ ਸਿੰਘ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ, ਧਰਮਪਾਲ ਸਿੰਘ, ਪੰਚ ਗੁਰਜੰਟ ਸਿੰਘ, ਅਮਰੀਕ ਸਿੰਘ, ਪੰਚ ਮਦਨਜੀਤ ਸਿੰਘ, ਦਰਬਾਰਾ ਸਿੰਘ, ਹਰਪ੍ਰੀਤ ਸਿੰਘ, ਸੋਮਾ ਸਿੰਘ ਤੇ ਚਮਨ ਲਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ |