ਫ਼ਤਹਿਗੜ੍ਹ ਸਾਹਿਬ, 23 ਜਨਵਰੀ (ਮਨਪ੍ਰੀਤ ਸਿੰਘ)-ਹਾਈ ਰਿਸਕ ਗਰਭਵਤੀ ਔਰਤਾਂ ਨੂੰ ਸਮੇਂ ਤੋਂ ਪਹਿਲਾਂ ਪਹਿਚਾਨਣ ਅਤੇ ਸਮਾਂ ਰਹਿੰਦਿਆਂ ਉਨ੍ਹਾਂ ਦਾ ਇਲਾਜ ਕਰਨ ਦੇ ਮੰਤਵ ਨਾਲ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਸਿੰਘ ਬੇਦੀ ਦੀ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ ਵਿਖੇ ਵਿਸ਼ੇਸ਼ ਮੈਡੀਕਲ ਚੈੱਕਅਪ ਤੇ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਦੌਰਾਨ ਸਹਾਇਕ ਸਿਵਲ ਸਰਜਨ ਡਾ. ਕੰਵਲਦੀਪ ਸਿੰਘ ਨੇ ਗਰਭਵਤੀ ਔਰਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣਾ ਜਣੇਪਾ ਸਰਕਾਰੀ ਸੰਸਥਾ ਵਿਚ ਕਰਵਾਉਣ, ਕਿਉਂਕਿ ਗਰਭਵਤੀਆਂ ਨੂੰ ਸਰਕਾਰੀ ਸੰਸਥਾਵਾਂ 'ਚ ਪ੍ਰੈਗਨੈਂਸੀ ਟੈੱਸਟ ਤੋਂ ਲੈ ਕੇ ਜਣੇਪੇ ਦੇ 42 ਦਿਨਾਂ ਤੱਕ ਸਾਰੀਆਂ ਸਹੂਲਤਾਂ ਸਰਕਾਰ ਵਲੋਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਵਿਭਾਗ ਦੀਆਂ ਹਦਾਇਤਾ ਅਨੁਸਾਰ ਗਰਭਵਤੀਆਂ ਦੇ ਦੋ ਅਲਟਰਾਸਾਂਊਡ ਵੀ ਮੁਫ਼ਤ ਕੀਤੇ ਜਾਂਦੇ ਹਨ ਅਤੇ ਸੰਸਥਾਗਤ ਜਣੇਪਾ ਕਰਵਾਉਣ ਤੇ ਜਨਨੀ ਸੁਰੱਖਿਆ ਯੋਜਨਾ ਤਹਿਤ ਮਾਲੀ ਸਹਾਇਤਾ ਵੀ ਦਿੱਤੀ ਜਾਂਦੀ ਹੈ | ਡਾ: ਜਸਪ੍ਰੀਤ ਬੇਦੀ ਨੇ ਕਿਹਾ ਕਿ ਜ਼ਿਲ੍ਹਾ ਹਸਪਤਾਲ ਵਿਚ ਨਵਜੰਮੇ ਲੜਕੇ ਦਾ 1 ਸਾਲ ਤੱਕ ਅਤੇ ਲੜਕੀਆਂ ਦਾ 5 ਸਾਲ ਦੀ ਉਮਰ ਤੱਕ ਇਲਾਜ ਮੁਫ਼ਤ ਕੀਤਾ ਜਾਂਦਾ ਹੈ | ਉਨ੍ਹਾਂ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਅਤੇ ਸਰਕਾਰ ਵਲੋਂ ਜ਼ਿਲ੍ਹਾ ਹਸਪਤਾਲ ਵਿਚ ਦਿੱਤੀਆਂ ਜਾ ਰਹੀਆਂ ਲੋਕ ਭਲਾਈ ਸਿਹਤ ਸਕੀਮਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਔਰਤ ਰੋਗਾਂ ਦੇ ਮਾਹਿਰ ਡਾ. ਪੁਨੀਤ ਅਤੇ ਬੱਚਿਆਂ ਦੇ ਮਾਹਿਰ ਡਾ. ਅੰਕੁਸ਼ ਗੋਇਲ ਨੇ ਕਿਹਾ ਕਿ ਹਰ ਗਰਭਵਤੀ ਔਰਤ ਨੂੰ ਆਪਣੇ ਸਾਰੇ ਨਿਰਧਾਰਿਤ ਐਂਟੀਨੇਟਰ ਚੈੱਕਅੱਪ ਕਰਵਾਉਣ ਦੇ ਨਾਲ-ਨਾਲ ਜਣੇਪੇ ਤੱਕ ਆਪਣੇ ਖ਼ੂਨ ਦੀ ਮਾਤਰਾ ਵੀ ਸਹੀ ਰੱਖਣੀ ਚਾਹੀਦੀ ਹੈ | ਉਨ੍ਹਾਂ ਜੱਚਾ ਬੱਚਾ ਦੀ ਸਿਹਤ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਇਸ ਕੈਂਪ ਵਿਚ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ, ਅਮਨਪ੍ਰੀਤ ਸਿੰਘ, ਚੀਫ਼ ਫਾਰਮੇਸੀ ਅਫ਼ਸਰ ਸੰਦੀਪ ਸਿੰਘ, ਫੈਸਿਲਿਟੀ ਮੈਨੇਜਰ ਕੁਲਵਿੰਦਰ ਕੌਰ, ਕੌਂਸਲਰ ਬਲਜੀਤ ਸਿੰਘ ਤੋਂ ਇਲਾਵਾ ਗਰਭਵਤੀ ਔਰਤਾਂ ਵੀ ਹਾਜ਼ਰ ਸਨ |