ਸਰਕਾਰੀ ਆਈ.ਟੀ.ਆਈ. ਜਲਵੇੜਾ ਦੀ ਦੋ ਪਾਸਿਉਂ ਚਾਰਦੀਵਾਰੀ ਨਾ ਹੋਣ ਕਾਰਨ ਵਿਦਿਆਰਥਣਾਂ ਦੀ ਸੁਰੱਖਿਆ ਖ਼ਤਰੇ ’ਚ
ਫ਼ਤਹਿਗੜ੍ਹ ਸਾਹਿਬ, 5 ਨਵੰਬਰ (ਸੁਰਜੀਤ ਸਿੰਘ ਸਾਹੀ)-ਪਿੰਡ ਜਲਵੇੜਾ ਵਿਖੇ ਸਥਿਤ ਸਰਕਾਰੀ ਆਈ. ਟੀ.
ਫ਼ਤਹਿਗੜ੍ਹ ਸਾਹਿਬ, 5 ਨਵੰਬਰ (ਸੁਰਜੀਤ ਸਿੰਘ ਸਾਹੀ)-ਪਿੰਡ ਜਲਵੇੜਾ ਵਿਖੇ ਸਥਿਤ ਸਰਕਾਰੀ ਆਈ.ਟੀ.ਆਈ. (ਲੜਕੀਆਂ) ਦੀ ਦੋ ਪਾਸਿਉਂ ਚਾਰਦੀਵਾਰੀ ਨਾ ਹੋਣ ਕਾਰਨ ਇੱਥੇ ਸਿੱਖਿਆ ਹਾਸਲ ਕਰ ਰਹੀਆਂ ਵਿਦਿਆਰਥਣਾਂ ਨੂੰ ਅਸੁਰੱਖਿਅਤ ਮਾਹੌਲ ਵਿਚ ਪੜ੍ਹਾਈ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਗੰਭੀਰ ਸਮੱਸਿਆ ਸਬੰਧੀ ਆਵਾਜ਼ ਉਠਾਉਂਦਿਆਂ ਸਰਕਾਰੀ ਕਾਲਜ ਦੇ ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਧਰਮਜੀਤ ਮਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਆਈ.ਟੀ.ਆਈ. ਦੀ ਚਾਰਦੀਵਾਰੀ ਮੁਕੰਮਲ ਕਰਵਾਉਣ ਲਈ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਕਈ ਵਾਰ ਸੰਪਰਕ ਕੀਤਾ ਗਿਆ, ਪਰ ਹਰ ਵਾਰ ਮਾਮਲੇ ਨੂੰ ਟਾਲ ਦਿੱਤਾ ਜਾਂਦਾ ਰਿਹਾ। ਉਨ੍ਹਾਂ ਅਨੁਸਾਰ ਆਈ.ਟੀ.ਆਈ. ਵਿਭਾਗ ਪੰਜਾਬ ਦੇ ਡਾਇਰੈਕਟਰ ਮਨੀਸ਼ ਕੁਮਾਰ (ਆਈ.ਏ.ਐੱਸ.) ਦੇ ਧਿਆਨ ਵਿਚ ਵੀ ਇਹ ਮਸਲਾ ਲਿਆਂਦਾ ਗਿਆ ਸੀ, ਜਿਨ੍ਹਾਂ ਵਲੋਂ ਸੰਸਥਾ ਨੂੰ ਜਲਦੀ ਫ਼ੰਡ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਅਜੇ ਤੱਕ ਇਸ ਦਿਸ਼ਾ ਵਿਚ ਕੋਈ ਠੋਸ ਕਾਰਵਾਈ ਸਾਹਮਣੇ ਨਹੀਂ ਆਈ। ਪ੍ਰੋ. ਮਾਨ ਨੇ ਸਵਾਲ ਉਠਾਇਆ ਕਿ ਲੜਕੀਆਂ ਦੀ ਸੁਰੱਖਿਆ ਨਾਲ ਜੁੜੇ ਅਜਿਹੇ ਅਹਿਮ ਮਸਲੇ ਨੂੰ ਹੋਰ ਕਿੰਨਾ ਸਮਾਂ ਅਣਗੌਲਿਆਂ ਕੀਤਾ ਜਾਵੇਗਾ। ਉਨ੍ਹਾਂ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਅਤੇ ਐਸ.ਡੀ.ਐਮ. ਨੂੰ ਅਪੀਲ ਕੀਤੀ ਕਿ ਉਹ ਖ਼ੁਦ ਇਸ ਸੰਸਥਾ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲੈਣ ਅਤੇ ਚਾਰਦੀਵਾਰੀ ਦੀ ਉਸਾਰੀ ਲਈ ਲੋੜੀਂਦੇ ਫ਼ੰਡ ਜਾਰੀ ਕਰਵਾਉਣ ਵਾਸਤੇ ਤੁਰੰਤ ਕਾਰਵਾਈ ਕਰਨ, ਤਾਂ ਜੋ ਵਿਦਿਆਰਥਣਾਂ ਨੂੰ ਸੁਰੱਖਿਅਤ ਵਿੱਦਿਅਕ ਮਾਹੌਲ ਮੁਹੱਈਆ ਹੋ ਸਕੇ।