ਫ਼ਤਹਿਗੜ੍ਹ ਸਾਹਿਬ, 24 ਫਰਵਰੀ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਵਿਸ਼ੇਸ਼ ਇਕੱਤਰਤਾ ਅੱਜ ਇੱਥੇ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਦੀ ਅਗਵਾਈ ਹੇਠ ਹੋਈ | ਜਿਸ ਦੌਰਾਨ ਜਸਟਿਸ ਨਿਰਮਲ ਸਿੰਘ ਨੇ ਕਿਹਾ ਕਿ 25 ਫਰਵਰੀ ਨੂੰ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸੰਗਮ ਪੈਲੇਸ ਸਰਹਿੰਦ ਵਿਖੇ ਰੱਖੀ ਪੰਥਕ ਇਕੱਤਰਤਾ ਮੁਲਤਵੀ ਕਰ ਦਿੱਤੀ ਗਈ ਸੀ ਅਤੇ ਹੁਣ ਇਹ ਪੰਥਕ ਇਕੱਤਰਤਾ 27 ਫਰਵਰੀ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਦੇ ਸਾਹਮਣੇ ਰੱਖੀ ਗਈ ਹੈ, ਜਿਸ ਦਾ ਮਕਸਦ ਜਥੇਬੰਦੀ ਦੇ ਵਰਕਰਾਂ ਨੂੰ ਸਰਗਰਮ ਕਰਨਾ ਅਤੇ ਲੋਕਾਂ ਨੂੰ ਪੰਥਕ ਮਸਲਿਆਂ ਪ੍ਰਤੀ ਜਾਗਰੂਕ ਕਰਨਾ ਹੈ | ਉਨ੍ਹਾਂ ਦੱਸਿਆ ਕਿ 27 ਫਰਵਰੀ ਨੂੰ ਹੀ ਸਵੇਰੇ 11 ਵਜੇ ਦਫ਼ਤਰ ਦਾ ਉਦਘਾਟਨ ਕੀਤਾ ਜਾਵੇਗਾ | ਜਿਸ ਵਿਚ ਗਿਆਨੀ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ | ਉਨ੍ਹਾਂ ਦੋਸ਼ ਲਗਾਇਆ ਕਿ ਬਾਦਲ ਪਰਿਵਾਰ ਦੀਆਂ ਗ਼ਲਤ ਨੀਤੀਆਂ ਅਤੇ ਫ਼ੈਸਲਿਆਂ ਕਾਰਨ ਪੰਥਕ ਸੰਸਥਾਵਾਂ ਦੇ ਅਕਸ ਨੂੰ ਢਾਹ ਲੱਗੀ ਹੈ, ਜਿਸ ਦਾ ਖ਼ਮਿਆਜ਼ਾ ਸਾਰਾ ਪੰਜਾਬ ਭੁਗਤ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪਾਰਟੀ ਦਾ ਅਜੰਡਾ ਤਿਆਰ ਹੈ, ਜੋ ਸ੍ਰੀ ਆਨੰਦਪੁਰ ਸਾਹਿਬ ਵਿਖੇ 3 ਮਾਰਚ ਨੂੰ ਹੋਲਾ-ਮਹੱਲਾ ਮੌਕੇ ਹੋ ਰਹੇ ਇਕੱਠ ਦੌਰਾਨ ਜਾਰੀ ਕੀਤਾ ਜਾਵੇਗਾ | ਇਸ ਮੌਕੇ ਪਾਰਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ, ਜਨਰਲ ਸਕੱਤਰ ਗੁਰਜੀਤ ਸਿੰਘ ਤਲਵੰਡੀ ਅਤੇ ਸਟੇਟ ਡੈਲੀਗੇਟ ਚਰਨਜੀਤ ਸਿੰਘ ਖਾਲਸਪੁਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨਾਲ ਗੱਠਜੋੜ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 2 ਦਸੰਬਰ ਨੂੰ ਸੁਣਾਏ ਗਏ ਫ਼ੈਸਲੇ ਤਹਿਤ ਹੀ ਹੋ ਸਕਦਾ ਹੈ | ਇਸ ਮੌਕੇ 'ਤੇ ਸਾਬਕਾ ਮੈਨੇਜਰ ਅਮਰਜੀਤ ਸਿੰਘ, ਮਾਸਟਰ ਅਜੀਤ ਸਿੰਘ ਸਰਕਲ ਪ੍ਰਧਾਨ, ਜਸਵੀਰ ਸਿੰਘ ਸਰਕਲ ਪ੍ਰਧਾਨ ਬਸੀ ਪਠਾਣਾਂ ਦਿਹਾਤੀ, ਰਕੇਸ਼ ਕੁਮਾਰ ਸਰਕਲ ਪ੍ਰਧਾਨ ਸ਼ਹਿਰੀ, ਜਗਤਾਰ ਸਿੰਘ ਭੱਟੀਆਂ ਸਰਕਲ ਪ੍ਰਧਾਨ ਸੰਘੋਲ, ਸੁਰਜੀਤ ਸਿੰਘ ਨੰਬਰਦਾਰ ਸਰਕਲ ਪ੍ਰਧਾਨ ਮੂਲੇਪੁਰ, ਰਿਟਾ. ਡੀ.ਐਸ.ਪੀ ਗੁਰਇਕਬਾਲ ਸਿੰਘ, ਜਗਦੀਸ਼ ਸਿੰਘ, ਜਸਦੀਪ ਸਿੰਘ ਵੀ ਹਾਜ਼ਰ ਸਨ |