ਬਸੀ ਪਠਾਣਾਂ, 26 ਫਰਵਰੀ (ਐਚ.ਐੱਸ.ਗੌਤਮ)-ਸ੍ਰੀ ਹਿੰਦੂ ਤਖ਼ਤ ਬਸੀ ਪਠਾਣਾਂ ਦਾ ਇਕ ਪ੍ਰਤੀਨਿਧ ਵਫ਼ਦ ਤਰੁਨ ਸੇਠੀ ਦੀ ਅਗਵਾਈ ਹੇਠ ਐੱਸ.ਡੀ.ਐੱਮ. ਨੂੰ ਮਿਲਿਆ | ਇਸ ਮੌਕੇ 'ਤੇ ਪੰਜਾਬ ਰਾਜ ਦੇ ਪ੍ਰਚਾਰਕ ਓਮ ਪ੍ਰਕਾਸ਼ ਗੌਤਮ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਸਯਮ ਪਾਠਕ ਹਾਜ਼ਰ ਸਨ | ਵਫ਼ਦ ਨੇ ਐੱਸ.ਡੀ.ਐੱਮ ਦੇ ਧਿਆਨ ਵਿਚ ਲਿਆਂਦਾ ਕਿ ਬਾਈਪਾਸ ਖਮਾਣੋਂ ਤੋਂ ਜੋ ਰਸਤਾ ਪ੍ਰਾਚੀਨ ਸ੍ਰੀ ਰਾਮ ਮੰਦਰ ਨੂੰ ਜਾਂਦਾ ਹੈ, ਉਸ ਬਾਈਪਾਸ ਸੜਕ 'ਤੇ ਸ਼ਹਿਰ ਦੇ ਲੋਕਾਂ ਅਤੇ ਕੁਝ ਮੁਹੱਲਿਆਂ ਵਿਚ ਕੰਮ ਕਰਦੇ ਸਫ਼ਾਈ ਸੇਵਕਾਂ ਵਲੋਂ ਸਾਰਾ ਕੂੜਾ ਕਰਕਟ ਸੜਕ ਦੇ ਆਲ਼ੇ-ਦੁਆਲੇ ਸੁੱਟਿਆ ਜਾ ਰਿਹਾ ਹੈੈ, ਜਿਸ ਕਾਰਨ ਸੰਗਤਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਲਾਕੇ ਵਿਚ ਭਿਆਨਕ ਬਿਮਾਰੀ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਕੂੜੇ ਕਰਕਟ ਨੂੰ ਇਸ ਥਾਂ ਤੋਂ ਸਾਫ਼ ਕਰਵਾਇਆ ਜਾਵੇ | ਇਸ ਮੌਕੇ ਐੱਸ.ਡੀ.ਐੱਮ. ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਸ਼ਹਿਰ ਦੀ ਸਫ਼ਾਈ ਅਤੇ ਮੰਦਰ 'ਚ ਆਉਣ ਵਾਲੀਆਂ ਸੰਗਤਾਂ ਦੀ ਮੁਸ਼ਕਿਲ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਮੁਸ਼ਕਿਲ ਦਾ ਜਲਦ ਹੱਲ ਕੱਢਿਆ ਜਾਵੇਗਾ |