ਫ਼ਤਹਿਗੜ੍ਹ ਸਾਹਿਬ, 26 ਫਰਵਰੀ (ਬਲਜਿੰਦਰ ਸਿੰਘ)-ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਪੰਜਾਬੀ ਵਿਭਾਗ ਵਲੋਂ ਕੌਮਾਂਤਰੀ ਮਾਂ-ਬੋਲੀ ਨੂੰ ਸਮਰਪਿਤ ਇਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ | ਜਿਸ ਵਿਚ ਮੁੱਖ ਬੁਲਾਰੇ ਵਜੋਂ ਉੱਘੇ ਲੇਖਕ, ਨਾਟਕਕਾਰ ਤੇ ਨਿਰਦੇਸ਼ਕ ਪ੍ਰੋ. ਡਾ. ਪਾਲੀ ਭੁਪਿੰਦਰ ਸਿੰਘ ਸ਼ਾਮਿਲ ਹੋਏ | ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕਰਦਿਆਂ ਕਾਲਜ ਪਿ੍ੰਸੀਪਲ ਡਾ. ਵਨੀਤਾ ਗਰਗ ਨੇ ਵਿਦਿਆਰਥੀਆਂ ਨੂੰ ਸੰਖੇਪ ਸ਼ਬਦਾਂ ਵਿਚ ਮਾਂ-ਬੋਲੀ ਦੀ ਮਨੁੱਖੀ ਜੀਵਨ ਵਿਚ ਮਹੱਤਤਾ ਬਾਰੇ ਦੱਸਿਆ | ਉਨ੍ਹਾਂ ਡਾ. ਪਾਲੀ ਭੁਪਿੰਦਰ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਨਿੱਘਾ ਸਵਾਗਤ ਕੀਤਾ | ਡਾ. ਬਲ ਬਹਾਦਰ ਸਿੰਘ ਨੇ ਡਾ. ਪਾਲੀ ਦੀਆਂ ਵਿਸ਼ੇਸ਼ ਪ੍ਰਾਪਤੀਆਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ | ਇਸ ਮੌਕੇ ਮੁੱਖ ਬੁਲਾਰੇ ਡਾ. ਪਾਲੀ ਨੇ ਵਿਦਿਆਰਥੀਆਂ ਨੂੰ ਮਾਂ ਬੋਲੀ ਦੀ ਮਹੱਤਤਾ ਬਾਰੇ ਦੱਸਿਆ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਪੰਜਾਬੀ ਬੋਲੀ ਨਾਲ ਸਬੰਧ ਬਾਰੇ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਪੰਜਾਬੀ ਬੋਲੀ ਨੂੰ ਲੈ ਕੇ ਕਿਸੇ ਕਿਸਮ ਦੀ ਹੀਣ ਭਾਵਨਾ ਦੀ ਕੋਈ ਲੋੜ ਨਹੀਂ, ਬਲਕਿ ਇਨ੍ਹਾਂ ਤਕਨੀਕਾਂ ਰਾਹੀਂ ਆਪਣੇ ਦਿਮਾਗ਼ ਨੂੰ ਵਿਕਸਿਤ ਕਰਕੇ ਜ਼ਿੰਦਗੀ ਵਿਚ ਅੱਗੇ ਵਧਿਆ ਜਾਵੇ | ਅਖੀਰ ਵਿਚ ਡਾ. ਜਸਵੀਰ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ | ਮੰਚ ਦੀ ਜ਼ਿੰਮੇਵਾਰੀ ਡਾ. ਦਵਿੰਦਰ ਸਿੰਘ ਨੇ ਨਿਭਾਈ | ਇਸ ਮੌਕੇ ਪੰਜਾਬੀ ਵਿਭਾਗ ਦੇ ਡਾ. ਜਸਬੀਰ ਸਿੰਘ, ਡਾ. ਜਸਦੀਪ ਕੌਰ ਅਤੇ ਡਾ. ਸ਼ਾਹਬਾਜ਼ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |