ਫ਼ਤਹਿਗੜ੍ਹ ਸਾਹਿਬ, 6 ਮਾਰਚ (ਮਨਪ੍ਰੀਤ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਫ਼ਤਹਿਗੜ੍ਹ ਸਾਹਿਬ ਵਿਖੇ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾ ਕੇ 100 ਦੇ ਕਰੀਬ ਉੱਦਮੀ ਮਹਿਲਾਵਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਵਿਧਾਇਕ ਰਾਏ ਨੇ ਔਰਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ, ਜੋ ਕਿ ਔਰਤਾਂ ਨੂੰ ਮਰਦਾਂ ਦੇ ਬਰਾਬਰ ਕੰਮ ਕਰਨ ਲਈ ਮੌਕੇ ਪ੍ਰਦਾਨ ਕਰਦਾ ਹੈ ਤੇ ਹਲਕੇ ਦੀਆਂ ਭੈਣਾਂ ਨੂੰ ਸਰਕਾਰ ਦੀ ਇਸ ਸਕੀਮ ਦਾ ਲਾਹਾ ਲੈਣਾ ਚਾਹੀਦਾ ਹੈ | ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਸ਼ੁਰੂ ਕੀਤੀ ਗਈ ਉੱਦਮੀ ਔਰਤਾਂ ਨੂੰ ਸਨਮਾਨਿਤ ਕਰਨ ਦੀ ਲੜੀ ਦੇ ਤਹਿਤ ਪੀ.ਐਸ.ਆਰ.ਐਲ.ਐਮ ਸਕੀਮ ਦੇ ਸਹਿਯੋਗ ਨਾਲ ਉਕਤ ਪ੍ਰੋਗਰਾਮ ਉਲੀਕਿਆ ਗਿਆ ਹੈ | ਇਸ ਤਹਿਤ ਪੰਜਾਬ ਸਰਕਾਰ ਵਲੋਂ ਤੈਅ ਕੀਤੀਆਂ ਗਈਆਂ ਥੀਮਾਂ ਨੂੰ ਮੁੱਖ ਰੱਖਦੇ ਹੋਏ ਹਲਕੇ ਵਾਈਜ਼ 100 ਉੱਦਮੀ ਮਹਿਲਾਵਾਂ ਦਾ ਟਰਾਫ਼ੀ ਅਤੇ ਸਰਟੀਫਿਕੇਟ ਦੇ ਨਾਲ ਸਨਮਾਨ ਕੀਤਾ ਗਿਆ | ਜਿਨ੍ਹਾਂ ਔਰਤਾਂ ਦੁਆਰਾ ਐਸ.ਐਚ.ਜੀ. ਨਾਲ ਜੁੜਕੇ ਅਤੇ ਹੋਰ ਵਸੀਲਿਆਂ ਰਾਹੀਂ ਜੁੜ ਕੇ ਇਕ ਛੋਟੇ ਉੱਦਮੀ ਦੇ ਤੌਰ 'ਤੇ ਕੰਮ ਸ਼ੁਰੂ ਕਰਕੇ ਆਪਣੇ ਪਰਿਵਾਰ ਦੀ ਆਮਦਨ ਵਿਚ ਵਾਧਾ ਕੀਤਾ ਗਿਆ | ਇਸ ਦੇ ਨਾਲ-ਨਾਲ ਆਪਣੇ ਨਵੇਂ ਉੱਦਮ ਨੂੰ ਸ਼ੁਰੂ ਕਰਨ ਲਈ ਪੀ.ਐਸ.ਆਰ.ਐਲ.ਐਮ. ਸਕੀਮ ਰਾਹੀਂ ਚੱਲ ਰਹੀ ਪਹਿਲ ਸਟਾਰਟਅਪ ਪ੍ਰੋਜੈਕਟ ਸਕੀਮ ਤਹਿਤ ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਨੂੰ 8 ਲੱਖ 40 ਹਜ਼ਾਰ ਦੇ ਕਰਜ਼ੇ ਦੀ ਵੀ ਵੰਡ ਕੀਤੀ ਗਈ ਤਾਂ ਜੋ ਮਹਿਲਾਵਾਂ ਨਵੇਂ ਉੱਦਮ ਦੀ ਸ਼ੁਰੂਆਤ ਕਰ ਸਕਣ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀ.ਡੀ.ਪੀ.ਓ. ਸਰਹਿੰਦ ਦੀਪ ਸ਼ਿਖਾ ਗਰਗ, ਇਸਤਰੀ ਵਿੰਗ ਦੀ ਪ੍ਰਧਾਨ ਐਡਵੋਕੇਟ ਰੀਨਾ ਰਾਣੀ, ਸਰਪੰਚ ਕੁਲਵਿੰਦਰ ਸਿੰਘ ਡੇਰਾ, ਪ੍ਰਧਾਨ ਗੁਰਵੀਰ ਸਿੰਘ ਜੱਲ੍ਹਾ, ਉਪ ਚੇਅਰਮੈਨ ਸਤਵੀਰ ਸਿੰਘ ਜੱਲ੍ਹਾ, ਯੂਥ ਦੇ ਪ੍ਰਧਾਨ ਦਿਲਪ੍ਰੀਤ ਸਿੰਘ ਭੱਟੀ ਅਤੇ ਬਲਾਕ ਮਹਿਲਾ ਵਿੰਗ ਪ੍ਰਧਾਨ ਵੀ ਹਾਜ਼ਰ ਸਨ |