ਫ਼ਤਹਿਗੜ੍ਹ ਸਾਹਿਬ, 6 ਮਾਰਚ (ਮਨਪ੍ਰੀਤ ਸਿੰਘ)-ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਅਰਵਿੰਦਪਾਲ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਨਿਵਾਸੀਆਂ ਦੀ ਸਿਹਤ ਦਾ ਰਿਕਾਰਡ ਡਿਜੀਟਲ ਰੱਖਣ ਲਈ ਆਭਾ ਆਈ.ਡੀ. (ਆਯੂਸ਼ਮਾਨ ਭਾਰਤ ਹੈਲਥ ਅਕਾਉਂਟ) ਬਣਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ ਅਤੇ ਇਸ ਦੇ ਫ਼ਾਇਦਿਆਂ ਸਬੰਧੀ ਆਮ ਲੋਕਾਂ ਨੂੰ ਜਾਗਰੂਕਤ ਕੀਤਾ ਜਾ ਰਿਹਾ ਹੈ | ਸਿਵਲ ਸਰਜਨ ਡਾ. ਅਰਵਿੰਦਪਾਲ ਸਿੰਘ ਨੇ ਦੱਸਿਆ ਕਿ ਜ਼ਿਲੇ੍ਹ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ, ਆਸ਼ਾ ਵਰਕਰਾਂ ਅਤੇ ਫ਼ੀਲਡ ਵਿਚ ਕੰਮ ਕਰਦੇ ਪੈਰਾਮੈਡੀਕਲ ਕਰਮਚਾਰੀਆਂ ਨੂੰ ਸਰਕਾਰ ਦੇ ਇਸ ਅਹਿਮ ਪ੍ਰੋਜੈਕਟ ਤਹਿਤ ਆਮ ਲੋਕਾਂ ਦੀਆਂ ਆਭਾ ਆਈਡੀਆਂ ਬਣਾਉਣ ਦੀ ਹਦਾਇਤ ਵੀ ਕੀਤੀ ਗਈ ਹੈ | ਜ਼ਿਲ੍ਹਾ ਹਸਪਤਾਲ ਵਿਖੇ ਆਭਾ ਆਈ.ਡੀ. ਬਣਾਉਣ ਲਈ ਲਗਾਏ ਸਪੈਸ਼ਲ ਕਾਂਉਟਰ ਦਾ ਨਿਰੀਖਣ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਕੋਈ ਵੀ ਚਾਹਵਾਨ ਵਿਅਕਤੀ ਆਪਣੇ ਮੋਬਾਈਲ ਵਿਚ ਪਲੇਅ ਸਟੋਰ 'ਤੇ ਜਾ ਕੇ ਆਭਾ ਐਪ ਨੂੰ ਆਪਣੇ ਮੋਬਾਈਲ ਵਿਚ ਡਾਊਨਲੋਡ ਕਰਕੇ ਆਪਣੇ ਆਧਾਰ ਨੰਬਰ ਜਾਂ ਮੋਬਾਈਲ ਨੰਬਰ ਨਾਲ ਆਯੂਸ਼ਮਾਨ ਭਾਰਤ ਹੈਲਥ ਅਕਾਊਾਟ ਬਣਾ ਸਕਦਾ ਹੈ | ਉਨ੍ਹਾਂ ਕਿਹਾ ਕਿ ਆਭਾ ਆਈ.ਡੀ ਬਣਾਉਣ ਨਾਲ ਹਸਪਤਾਲਾਂ ਵਿਚ ਰਜਿਸਟ੍ਰੇਸ਼ਨ ਕਰਾਉਣ ਲਈ ਲੰਬੀਆਂ ਲਾਈਨਾਂ ਵਿਚ ਨਹੀਂ ਖੜ੍ਹਨਾ ਪਵੇਗਾ | ਆਭਾ ਨੰਬਰ ਜਨਰੇਟ ਹੋਣ 'ਤੇ ਸਿਹਤ ਨਾਲ ਸਬੰਧਿਤ ਸਾਰੇ ਵੇਰਵੇ ਅਤੇ ਰਿਪੋਰਟਾਂ ਇਕ ਹੀ ਥਾਂ 'ਤੇ ਮੋਬਾਈਲ ਐਪਲੀਕੇਸ਼ਨ ਵਿਚ ਸਕੈਨ ਕਰਕੇ ਰੱਖੀਆਂ ਜਾ ਸਕਦੀਆਂ ਹਨ | ਉਨ੍ਹਾਂ ਦੱਸਿਆ ਕਿ ਆਭਾ ਆਈ.ਡੀ ਵਾਲਾ ਵਿਅਕਤੀ ਜੇਕਰ ਬਿਮਾਰ ਹੋ ਜਾਵੇ ਤਾਂ ਉਸ ਨੂੰ ਆਪਣਾ ਇਲਾਜ ਕਰਾਉਣ ਲਈ ਹਸਪਤਾਲ ਜਾਣ ਮੌਕੇ ਓ.ਪੀ.ਡੀ. ਸਲਿਪ ਬਣਾਉਣ ਲਈ ਬਹੁਤਾ ਸਮਾਂ ਲੰਬੀਆਂ ਲਾਈਨਾਂ ਵਿਚ ਖੜ੍ਹਨ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਨਾਂ ਹੀ ਆਪਣੀ ਸਿਹਤ ਦੇ ਰਿਕਾਰਡ ਤੇ ਰਿਪੋਰਟਾਂ ਦੀ ਹਾਰਡ ਕਾਪੀ ਚੁੱਕਣ ਦੀ ਜ਼ਰੂਰਤ ਹੋਵੇਗੀ, ਬਲਕਿ ਮਰੀਜ਼ ਆਭਾ ਆਈ.ਡੀ ਨਾਲ ਸਿਹਤ ਸਬੰਧੀ ਸਾਰੀਆਂ ਰਿਪੋਰਟਾਂ ਆਪਣੇ ਡਾਕਟਰ ਨੂੰ ਦਿਖਾ ਸਕੇਗਾ | ਇਸ ਨਾਲ ਪੁਰਾਣਾ ਰਿਕਾਰਡ ਦੇਖ ਕੇ ਡਾਕਟਰ ਨੂੰ ਇਲਾਜ ਕਰਨਾ ਵੀ ਸੌਖਾ ਹੋਵੇਗਾ | ਇਸ ਮੌਕੇ 'ਤੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਬਲਜਿੰਦਰ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਅਮਨਪ੍ਰੀਤ ਸਿੰਘ ਤੋਂ ਇਲਾਵਾ ਨਰਸਿੰਗ ਵਿਦਿਆਰਥੀ ਅਤੇ ਆਮ ਲੋਕ ਹਾਜ਼ਰ ਸਨ |