ਖਮਾਣੋਂ, 7 ਮਾਰਚ (ਮਨਮੋਹਣ ਸਿੰਘ ਕਲੇਰ)-ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਫੈਡਰੇਸ਼ਨ (ਇੰਟਕ) ਦੇ ਸੂਬਾ ਪ੍ਰਧਾਨ ਤੇ ਕਾਂਗਰਸ ਪਾਰਟੀ ਨੇਤਾ ਡਾ. ਮਨੋਹਰ ਸਿੰਘ ਨੇ ਕਿਹਾ ਕਿ ਅੱਜ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਅਤੇ ਕਾਮਿਆਂ ਦੀ ਬਾਂਹ ਫੜਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਵੱਖ-ਵੱਖ ਕਿੱਤਿਆਂ ਵਿਚ ਕੰਮ ਕਰਨ ਵਾਲੇ ਅਸੰਗਠਿਤ ਖੇਤਰ ਦੇ ਕਰਮਚਾਰੀਆਂ ਲਈ ਚੰਗੀਆਂ ਸਹੂਲਤਾਂ ਅਤੇ ਵਿਸ਼ੇਸ਼ ਕਰਕੇ ਸਹੀ ਵੇਤਨ ਵਾਸਤੇ ਇੰਟਕ ਫੈਡਰੇਸ਼ਨ ਹਮੇਸ਼ਾ ਇਨ੍ਹਾਂ ਦੇ ਨਾਲ ਖੜ੍ਹੇਗੀ | ਡਾ. ਮਨੋਹਰ ਸਿੰਘ ਨੇ ਅੱਜ ਇੰਟਕ ਫੈਡਰੇਸ਼ਨ ਦੇ ਰਾਸ਼ਟਰੀ ਪ੍ਰਧਾਨ ਹੌਸ਼ਿਲਾ ਪ੍ਰਸਾਦ ਸ਼ਰਮਾ, ਰਾਸ਼ਟਰੀ ਵਰਕਿੰਗ ਪ੍ਰਧਾਨ ਸ਼ੈਤਾਨ ਸਿੰਘ ਸੋਲੰਕੀ ਅਤੇ ਹੋਰ ਇੰਟਕ ਆਗੂਆਂ ਨਾਲ ਵਰਚੂਅਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਲਦੀ ਹੀ ਇੰਟਕ ਵਲੋਂ ਇਕ ਮੰਗ ਪੱਤਰ ਸੀਨੀਅਰ ਕਾਂਗਰਸੀ ਆਗੂ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਸੌਂਪਿਆ ਜਾਵੇਗਾ ਤਾਂ ਜੋ ਉਨ੍ਹਾਂ ਅਤੇ ਖ਼ਾਸ ਕਰਕੇ ਕਾਂਗਰਸ ਪਾਰਟੀ ਵਲੋਂ ਅਸੰਗਠਿਤ ਖੇਤਰ ਦੇ ਵਰਕਰਾਂ ਦੀ ਆਵਾਜ਼ ਵੱਡੇ ਪੱਧਰ 'ਤੇ ਬੁਲੰਦ ਕੀਤੀ ਜਾ ਸਕੇ | ਡਾ. ਮਨੋਹਰ ਸਿੰਘ ਨੇ ਅੱਗੇ ਦੱਸਿਆ ਕਿ ਇੰਟਕ ਫੈਡਰੇਸ਼ਨ ਰਾਸ਼ਟਰੀ ਪ੍ਰਧਾਨ ਹੌਸ਼ਿਲਾ ਪ੍ਰਸਾਦ ਸ਼ਰਮਾ ਅਨੁਸਾਰ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਸਬੰਧੀ ਸੰਘਰਸ਼ ਕੀਤਾ ਜਾਵੇਗਾ | ਜਿਸ ਵਿਚ ਹਰ ਵਰਗ ਦੇ ਮਜ਼ਦੂਰਾਂ ਲਈ ਘੱਟੋ-ਘੱਟ ਵਤਨ ਦੀ ਮੰਗ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਅੱਜ ਭਾਰਤ ਵਿਚ ਅਸੰਗਠਿਤ ਖੇਤਰ ਦੇ ਕਾਮਿਆਂ ਦੀ ਗਿਣਤੀ ਕੁੱਲ ਮਜ਼ਦੂਰਾਂ ਅਤੇ ਕਾਮਿਆਂ ਵਿਚ 90 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਹੈ, ਇਸ ਲਈ ਇਸ ਖੇਤਰ ਵੱਲ ਧਿਆਨ ਦੇਣਾ ਬਹੁਤ ਮਹੱਤਵਪੂਰਨ ਹੈ | ਡਾ. ਮਨੋਹਰ ਸਿੰਘ ਅਨੁਸਾਰ ਮੀਟਿੰਗ ਵਿਚ ਠੇਕੇਦਾਰੀ ਸਿਸਟਮ ਵਿਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਅਤੇ ਇਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੇ ਨਾਂਅ 'ਤੇ ਹੋ ਰਹੇ ਸ਼ੋਸ਼ਣ ਵਿਰੁੱਧ ਵੀ ਆਵਾਜ਼ ਉਠਾਉਣ ਦੀ ਇੰਟਕ ਫੈਡਰੇਸ਼ਨ ਹਮੇਸ਼ਾ ਦੀ ਤਰ੍ਹਾਂ ਤਿਆਰ ਰਹੇਗੀ |