ਪਟਿਆਲਾ, 10 ਮਾਰਚ (ਧਰਮਿੰਦਰ ਸਿੰਘ ਸਿੱਧੂ)-ਪਾਵਰਕਾਮ ਅਤੇ ਟਰਾਂਸਕੋ ਦੋਵੇਂ ਨਿਗਮਾਂ ਦੇ ਕਰਮਚਾਰੀਆਂ, ਅਧਿਕਾਰੀਆਂ ਅਤੇ ਇੰਜੀਨੀਅਰਾਂ ਵਲੋਂ ਸਾਂਝੇ ਤੌਰ 'ਤੇ ਪਾਵਰ ਸੈਕਟਰ ਸਾਂਝੀ ਐਕਸ਼ਨ ਕਮੇਟੀ ਆਫ਼ ਇੰਪਲਾਈਜ਼, ਇੰਜੀਨੀਅਰਜ਼ ਅਤੇ ਪੈਨਸ਼ਨਰਜ਼ ਦੇ ਬੈਨਰ ਹੇਠ ਮੁੱਖ ਦਫ਼ਤਰ ਪਾਵਰਕਾਮ ਦੇ ਸਾਹਮਣੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਕੇਂਦਰ ਸਰਕਾਰ ਵਲੋਂ ਅੱਜ ਸੰਸਦ ਵਿਚ ਪੇਸ਼ ਕੀਤੇ ਗਏ ਬਿਜਲੀ ਸੋਧ ਬਿੱਲ 2025 ਦੇ ਵਿਰੋਧ ਵਿਚ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜੁਆਇੰਟ ਐਕਸ਼ਨ ਕਮੇਟੀ ਦੇ ਆਗੂਆਂ ਅਵਤਾਰ ਸਿੰਘ ਕੈਂਥ, ਇੰਜ. ਅਮਨਦੀਪ ਜੇਹਲਵੀਂ, ਅਮਿਤ ਕੁਮਾਰ, ਇੰਜ. ਜਗਮੇਲ ਸਿੰਘ, ਇੰਜ. ਰਮਿੰਦਰ ਸਿੰਘ, ਇੰਜ. ਜਤਿੰਦਰ ਸਿੰਘ ਉਬਰਾਏ, ਗੁਰਵਿੰਦਰ ਸਿੰਘ ਗੁਰੂ, ਕੁਲਜੀਤ ਸਿੰਘ ਰਟੌਲ ਵਲੋਂ ਦੱਸਿਆ ਗਿਆ ਕਿ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ਼ ਇਲੈਕਟਿ੍ਸਿਟੀ ਇੰਪਲਾਈਜ਼ ਅਤੇ ਇੰਜੀਨੀਅਰ ਦੇ ਸੱਦੇ 'ਤੇ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਜਾ ਰਹੇ ਬਿਜਲੀ ਸੋਧ ਬਿੱਲ 2025 ਦੇ ਖ਼ਿਲਾਫ਼ ਅੱਜ ਪੂਰੇ ਦੇਸ਼ ਵਿਚ ਬਿਜਲੀ ਨਿਗਮਾਂ ਦੇ ਸਾਰੇ ਕਰਮਚਾਰੀ ਅਤੇ ਇੰਜੀਨੀਅਰ ਦਫ਼ਤਰਾਂ ਤੋਂ ਬਾਹਰ ਆ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ |