ਖਮਾਣੋਂ, 11 ਮਾਰਚ (ਜੋਗਿੰਦਰ ਪਾਲ)-ਆੜ੍ਹਤੀ ਐਸੋਸੀਏਸ਼ਨ ਖਮਾਣੋਂ ਦੀ ਮੀਟਿੰਗ ਮਾਰਕੀਟ ਕਮੇਟੀ ਦਫ਼ਤਰ ਵਿਖੇ ਪ੍ਰਧਾਨ ਕੇਵਲਜੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਸਾਧੂ ਰਾਮ ਭੱਟਮਾਜਰਾ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਆੜ੍ਹਤੀ ਭਾਈਚਾਰੇ ਨੂੰ ਮੰਡੀਆਂ 'ਚ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ | ਭੱਟਮਾਜਰਾ ਨੇ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ 16 ਮਾਰਚ ਨੂੰ ਤਰਨਤਾਰਨ ਦੇ ਹਰੀਕੇ 'ਚ ਹੋਣ ਵਾਲੀ ਵਿਸ਼ਾਲ ਰੈਲੀ ਲਈ ਲਾਮਬੰਦ ਕਰਦੇ ਹੋਏ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀ ਬੇਰੁਖ਼ੀ ਕਾਰਨ ਆੜ੍ਹਤ ਦਾ ਧੰਦਾ ਬੰਦ ਹੋਣ ਦੀ ਕਗਾਰ 'ਤੇ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆੜ੍ਹਤੀਆਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦਾ ਕੇਂਦਰ ਵਲੋਂ ਦਿੱਤਾ ਜਾਣ ਵਾਲਾ ਕਮਿਸ਼ਨ ਜੋ ਕਿ 2 ਪ੍ਰਤੀਸ਼ਤ ਹੈ, ਨੂੰ ਵਧਾ ਕੇ ਢਾਈ ਪ੍ਰਤੀਸ਼ਤ ਕੀਤਾ ਜਾਵੇਗਾ, ਉਹ ਅਜੇ ਤੱਕ ਵਫ਼ਾ ਨਹੀਂ ਹੋਇਆ | ਭੱਟਮਾਜਰਾ ਨੇ ਦੱਸਿਆ ਕਿ ਮੰਡੀਆਂ 'ਚ ਆੜ੍ਹਤ ਦਾ ਲਾਇਸੈਂਸ ਰੀਨਿਊ ਕਰਨ ਦੀ ਪ੍ਰਕਿਰਿਆ ਕਾਫ਼ੀ ਗੁੰਝਲਦਾਰ ਹੈ, ਜਿਸ ਕਰਕੇ ਆੜ੍ਹਤੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਪ੍ਰਧਾਨ ਵਿਜੇ ਕਾਲੜਾ ਵਲੋਂ ਕੇਂਦਰੀ ਮੰਤਰੀ ਨਾਲ ਗੱਲਬਾਤ ਵੀ ਕੀਤੀ ਗਈ ਸੀ, ਪ੍ਰੰਤੂ ਉਨ੍ਹਾਂ ਦੇ ਭਰੋਸੇ ਦੇ ਬਾਵਜੂਦ ਵੀ ਕੋਈ ਕਾਰਵਾਈ ਅਮਲ ਨਹੀਂ ਲਿਆਂਦੀ ਗਈ | ਇਸ ਮੌਕੇ ਆੜ੍ਹਤੀ ਭਾਈਚਾਰੇ ਵਲੋਂ ਉਨ੍ਹਾਂ ਨੂੰ ਸਮਰਥਨ ਕਰਦੇ ਹੋਏ ਵੱਡੀ ਗਿਣਤੀ 'ਚ ਰੈਲੀ 'ਚ ਪਹੁੰਚਣ ਦਾ ਭਰੋਸਾ ਦਿਵਾਇਆ ਗਿਆ | ਇਸ ਮੌਕੇ ਹੋਰਨਾਂ ਤੋਂ ਬਿਨਾਂ ਰਾਜੇਸ਼ ਸਿੰਗਲਾ, ਕੇਵਲਜੀਤ ਸਿੰਘ ਭੁੱਲਰ, ਗੁਰਸੇਵਕ ਸਿੰਘ ਪ੍ਰਧਾਨ ਸੰਘੋਲ, ਗੁਰਦੇਵ ਸਿੰਘ ਸਾਬਕਾ ਕੌਂਸਲਰ, ਸੰਦੀਪ ਸਿੰਘ ਰਿਆ, ਭੀਮ ਚੰਦ ਸ਼ੁਕਲਾ, ਬਲਵੰਤ ਸਿੰਘ ਗਿੱਲ, ਤੇਜਿੰਦਰ ਸਿੰਘ ਸੇਖੋਂ, ਸ਼ੈਟੀ ਭਾਰਦਵਾਜ, ਸੁਦਾਗਰ ਸਿੰਘ ਕਾਲੇਮਾਜਰਾ, ਤਰਲੋਚਨ ਸਿੰਘ ਕਲੇਰ ਵੀ ਹਾਜ਼ਰ ਸਨ |