ਫ਼ਤਹਿਗੜ੍ਹ ਸਾਹਿਬ, 11 ਮਾਰਚ (ਬਲਜਿੰਦਰ ਸਿੰਘ)-ਭੱਠਾ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪ੍ਰੇਮ ਜਿੰਦਲ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਵਿਚ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਤੋਂ ਭੱਠਾ ਮਾਲਕਾਂ ਨੇ ਹਿੱਸਾ ਲਿਆ ਅਤੇ ਮੌਜੂਦਾ ਸਮੇਂ ਵਿਚ ਕੋਇਲੇ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਅਤੇ ਉਸ ਨਾਲ ਭੱਠਾ ਉਦਯੋਗ 'ਤੇ ਪੈ ਰਹੇ ਅਸਰ ਬਾਰੇ ਚਰਚਾ ਕੀਤੀ ਗਈ | ਜ਼ਿਲ੍ਹਾ ਪ੍ਰਧਾਨ ਪ੍ਰੇਮ ਜਿੰਦਲ ਨੇ ਕਿਹਾ ਕਿ ਮਹਿੰਗਾਈ ਦੇ ਇਸ ਦੌਰ ਵਿਚ ਆਮ ਲੋਕਾਂ ਲਈ ਘਰ ਬਣਾਉਣਾ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਮਹਿੰਗਾ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਇੱਟਾਂ ਬਣਾਉਣ ਲਈ ਭੱਠਿਆਂ ਵਿਚ ਵਰਤੇ ਜਾਣ ਵਾਲੇ ਕੋਇਲੇ ਦੀਆਂ ਕੀਮਤਾਂ ਵਿਚ ਪਿਛਲੇ ਕੁਝ ਸਮੇਂ ਦੌਰਾਨ ਵੱਡਾ ਉਛਾਲ ਆਇਆ ਹੈ | ਕੋਲੇ ਦੀਆਂ ਕੀਮਤਾਂ ਵਧਣ ਕਾਰਨ ਭੱਠਾ ਮਾਲਕਾਂ ਦੇ ਖ਼ਰਚੇ ਕਾਫ਼ੀ ਵੱਧ ਗਏ ਹਨ, ਜਿਸ ਦਾ ਸਿੱਧਾ ਪ੍ਰਭਾਵ ਇੱਟਾਂ ਦੀ ਕੀਮਤ 'ਤੇ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਭੱਠਾ ਉਦਯੋਗ ਨਾਲ ਹਜ਼ਾਰਾਂ ਮਜ਼ਦੂਰਾਂ ਅਤੇ ਪਰਿਵਾਰਾਂ ਦੀ ਰੋਜ਼ੀ-ਰੋਟੀ ਜੁੜੀ ਹੋਈ ਹੈ, ਪਰ ਕੋਇਲੇ ਦੀ ਮਹਿੰਗਾਈ ਅਤੇ ਕਾਲਾ ਬਾਜ਼ਾਰੀ ਕਾਰਨ ਇਸ ਉਦਯੋਗ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜੇਕਰ ਇਹ ਹਾਲਾਤ ਇੰਝ ਹੀ ਬਣੇ ਰਹੇ ਤਾਂ ਆਉਣ ਵਾਲੇ ਸਮੇਂ ਵਿਚ ਇੱਟਾਂ ਦੀਆਂ ਕੀਮਤਾਂ ਵਿਚ ਹੋਰ ਵਾਧਾ ਹੋ ਸਕਦਾ ਹੈ, ਜਿਸ ਨਾਲ ਆਮ ਲੋਕਾਂ ਲਈ ਆਪਣੇ ਘਰ ਬਣਾਉਣਾ ਹੋਰ ਵੀ ਔਖਾ ਹੋ ਜਾਵੇਗਾ | ਭੱਠਾ ਮਾਲਕਾਂ ਨੇ ਕਿਹਾ ਕਿ ਮਾਰਕੀਟ ਵਿਚ ਕੋਇਲੇ ਦੀ ਕਾਲਾਬਾਜ਼ਾਰੀ ਹੋਣ ਕਰਕੇ ਭੱਠਾ ਮਾਲਕਾਂ ਨੂੰ ਉੱਚੀਆਂ ਕੀਮਤਾਂ 'ਤੇ ਕੋਇਲਾ ਖ਼ਰੀਦਣਾ ਪੈ ਰਿਹਾ ਹੈ | ਇਸ ਕਾਰਨ ਉਨ੍ਹਾਂ ਦੀ ਲਾਗਤ ਵੱਧ ਰਹੀ ਹੈ ਅਤੇ ਉਨ੍ਹਾਂ ਨੂੰ ਕਾਫ਼ੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ | ਮੀਟਿੰਗ ਦੌਰਾਨ ਭੱਠਾ ਐਸੋਸੀਏਸ਼ਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਕੋਇਲੇ ਦੀ ਕਾਲਾ ਬਾਜ਼ਾਰੀ 'ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਕੋਇਲੇ ਦੀ ਸਪਲਾਈ ਨੂੰ ਸੁਚੱਜੇ ਤਰੀਕੇ ਨਾਲ ਯਕੀਨੀ ਬਣਾਇਆ ਜਾਵੇ, ਤਾਂ ਜੋ ਭੱਠਾ ਉਦਯੋਗ ਨੂੰ ਰਾਹਤ ਮਿਲ ਸਕੇ | ਇਸ ਮੌਕੇ ਜਨਰਲ ਸਕੱਤਰ ਨਰਿੰਦਰ ਬਾਂਸਲ ਨੇ ਦੱਸਿਆ ਕਿ ਜਿਹੜਾ ਕੋਇਲਾ ਪਹਿਲਾਂ 10,500 ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਮਿਲ ਰਿਹਾ ਸੀ, ਉਸ ਦੀ ਕੀਮਤ ਹੁਣ ਵਧ ਕੇ 16,500 ਰੁਪਏ ਪ੍ਰਤੀ ਟਨ ਤੱਕ ਪਹੁੰਚ ਗਈ ਹੈ | ਕੋਇਲੇ ਦੀ ਇਸ ਮੂਲ ਕੀਮਤ ਤੋਂ ਇਲਾਵਾ ਭੱਠਾ ਮਾਲਕਾਂ ਨੂੰ 18 ਫ਼ੀਸਦੀ ਜੀ.ਐਸ.ਟੀ. ਅਤੇ ਕਿਰਾਏ ਦਾ ਭਾਰੀ ਖਰਚਾ ਵੱਖਰੇ ਤੌਰ 'ਤੇ ਝੱਲਣਾ ਪੈ ਰਿਹਾ ਹੈ | ਮੀਟਿੰਗ ਵਿਚ ਸਰਬਸੰਮਤੀ ਨਾਲ ਜ਼ਿਲ੍ਹੇ ਵਿਚ ਇੱਟਾਂ ਦਾ ਨਵਾਂ ਰੇਟ 8 ਹਜ਼ਾਰ ਰੁਪਏ ਪ੍ਰਤੀ ਹਜ਼ਾਰ ਇੱਟ ਤਹਿ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਭੱਠਾ ਐਸੋਸੀਏਸ਼ਨ ਦੇ ਮੈਂਬਰ ਮੌਜੂਦ ਸਨ |