ਜਖਵਾਲੀ, 27 ਮਾਰਚ (ਨਿਰਭੈ ਸਿੰਘ)-ਪਿੰਡ ਮਾਲਾਹੇੜੀ ਸਥਿਤ ਪ੍ਰਾਚੀਨ ਵੈਸ਼ਨੋ ਦੇਵੀ ਮੰਦਰ ਵਿਖੇ ਇਲਾਕਾ ਨਿਵਾਸੀਆਂ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਾਲਾਨਾ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ | ਇਸ ਧਾਰਮਿਕ ਸਮਾਗਮ ਵਿਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਅਤੇ ਮਾਤਾ ਰਾਣੀ ਦਾ ਗੁਣਗਾਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਪਵਿੱਤਰ ਮੌਕੇ 'ਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਕੌਂਸਲਰ ਗੁਲਸ਼ਨ ਰਾਏ ਬੌਬੀ ਤੇ ਪ੍ਰਵੀਨ ਕੁਮਾਰੀ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ | ਮੰਦਰ ਕਮੇਟੀ ਵਲੋਂ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਨਾਗਰਾ ਨੇ ਕਿਹਾ ਕਿ ਮਾਲਾਹੇੜੀ ਦੇ ਇਸ ਵੈਸ਼ਨੋ ਦੇਵੀ ਮੰਦਰ ਵਿਚ ਪਿਛਲੇ 41 ਸਾਲਾਂ ਤੋਂ ਲਗਾਤਾਰ ਜਾਗਰਨ ਕਰਵਾਇਆ ਜਾ ਰਿਹਾ ਹੈ, ਜੋ ਕਿ ਆਪਣੇ ਆਪ ਵਿਚ ਇਕ ਵੱਡੀ ਮਿਸਾਲ ਹੈ | ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਜਿੱਥੇ ਸਾਨੂੰ ਪ੍ਰਭੂ ਭਗਤੀ ਨਾਲ ਜੋੜਦੇ ਹਨ, ਉੱਥੇ ਹੀ ਸਮਾਜ ਵਿਚ ਆਪਸੀ ਪਿਆਰ ਅਤੇ ਸਾਂਝ ਨੂੰ ਵੀ ਮਜ਼ਬੂਤ ਕਰਦੇ ਹਨ | ?ਜਾਗਰਨ ਦੌਰਾਨ ਭਜਨ ਗਾਇਕਾਂ ਨੇ ਮਾਤਾ ਦੀਆਂ ਭੇਟਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਪ੍ਰਬੰਧਕਾਂ ਵਲੋਂ ਸੰਗਤਾਂ ਲਈ ਅਤੁੱਟ ਲੰਗਰ ਵੀ ਵਰਤਾਇਆ ਗਿਆ | ਇਸ ਮੌਕੇ ਪੰਡਿਤ ਲਕਸ਼ਮੀਕਾਂਤ ਨੇ ਮਾਤਾ ਦਾ ਪੂਜਣ ਕਰਵਾਇਆ | ਮਹੰਤ ਜਗਮੋਹਨ ਬਿੱਟੂ ਦੀ ਟੀਮ ਵਲੋਂ ਧਾਰਮਿਕ ਭਜਨਾਂ ਰਾਹੀਂ ਮਾਤਾ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਮੰਦਿਰ ਮੈਨੇਜਮੈਂਟ ਪ੍ਰਧਾਨ ਜਗਜੀਤ ਸਿੰਘ, ਮੈਂਬਰ ਦਿਲਬਾਗ ਸਿੰਘ, ਮੁਖਤਿਆਰ ਸਿੰਘ, ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਕੁਲਵਿੰਦਰ ਸਿੰਘ ਕਾਂਤੀ, ਐਡਵੋਕੇਟ ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ ਤੇ ਵਰਿੰਦਰ ਕੁਮਾਰ ਆਦਿ ਹਾਜ਼ਰ ਸਨ |