ਮੰਡੀ ਗੋਬਿੰਦਗੜ੍ਹ, 28 ਮਾਰਚ (ਇਕਬਾਲਦੀਪ ਸੰਧੂ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ੍ਹ ਵਿਖੇ ਰਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੀ ਯੋਗ ਰਹਿਨੁਮਾਈ ਤੇ ਪਿ੍ੰਸੀਪਲ ਮੋਨਿਕਾ ਦੀ ਅਗਵਾਈ ਹੇਠ ਮੈਗਾ ਪੀ.ਟੀ.ਐਮ ਸਫਲਤਾ ਪੂਰਵਕ ਸੰਪੰਨ ਹੋਈ | ਇਸ ਮੌਕੇ 'ਤੇ 92 ਪ੍ਰਤੀਸ਼ਤ ਤੋਂ ਜ਼ਿਆਦਾ ਮਾਪਿਆਂ ਵਲੋਂ ਸਮਾਗਮ ਵਿਚ ਸ਼ਿਰਕਤ ਕੀਤੀ ਗਈ | ਇਸ ਸਮਾਗਮ ਦੇ ਮੁੱਖ ਮਹਿਮਾਨ ਗੁਲਸ਼ਨ ਛਾਬੜਾ ਓ.ਐਸ.ਡੀ ਸਿੱਖਿਆ ਮੰਤਰੀ ਪੰਜਾਬ ਸਨ, ਜਦੋਂ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਵਿੰਦਰ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਸਮਾਗਮ ਵਿਚ ਜਿੱਥੇ ਛਾਬੜਾ ਨੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ, ਉੱਥੇ ਉਨ੍ਹਾਂ ਨੇ ਪੰਜਾਬ ਦੇ ਸਿੱਖਿਆ ਵਿਭਾਗ ਦੁਆਰਾ ਸਿੱਖਿਆ ਕ੍ਰਾਂਤੀ ਅਧੀਨ ਕੀਤੇ ਜਾ ਰਹੇ ਬਿਹਤਰ ਉਪਰਾਲਿਆਂ ਬਾਰੇ ਮਾਪਿਆਂ ਅਤੇ ਸ਼ਹਿਰ ਵਾਸੀਆਂ ਨੂੰ ਜਾਣੂ ਕਰਵਾਇਆ | ਇਸ ਮੌਕੇ 'ਤੇ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਵੱਖ-ਵੱਖ ਪ੍ਰਕਾਰ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਸਨ, ਜਿਨ੍ਹਾਂ ਵਿਚ ਯੁੱਧ ਨਸ਼ਿਆਂ ਵਿਰੁੱਧ, ਕਰੀਅਰ ਅਗਵਾਈ ਡੈਸਕ, ਦਾਖਲਾ ਡੈਸਕ, ਪੁਸਤਕ ਲੰਗਰ ਅਤੇ ਬਿਜ਼ਨਸ ਬਲਾਸਟਰ ਗਤੀਵਿਧੀਆਂ ਨੂੰ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ ਗਿਆ | ਮੁੱਖ ਮਹਿਮਾਨ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਵਲੋਂ ਫੀਡਬੈਕ ਬੋਰਡ 'ਤੇ ਵਧੀਆ ਕਮੈਂਟ ਵੀ ਦਿੱਤੇ ਗਏ | ਇਸ ਸਮਾਗਮ ਵਿਚ ਆਰਟੀਫਿਸ਼ਅਲ ਇੰਟੈਲੀਜੈਂਸੀ ਦੇ ਰਾਜ ਪੱਧਰੀ ਮੁਕਾਬਲਿਆਂ ਵਿਚ ਜੇਤੂ ਇਸ ਸਕੂਲ ਦੀਆਂ ਵਿਦਿਆਰਥਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਵਿਚ ਦੀਪਕ ਕੁਮਾਰ ਜ਼ਿਲ੍ਹਾ ਕੋਆਰਡੀਨੇਟਰ, ਅੰਜੂ ਗੌਤਮ ਚੇਅਰ ਪਰਸਨ ਸਕੂਲ ਮੈਨੇਜਮੈਂਟ ਕਮੇਟੀ, ਸੁਖਵਿੰਦਰ ਸਿੰਘ, ਕਿਸ਼ੋਰ ਖੰਨਾ, ਰਾਜੀਵ ਕੌਰਪਾਲ, ਅਸ਼ੋਕ ਕੁਮਾਰ, ਰੁਪਿੰਦਰ ਕੁਮਾਰ, ਹਰਪਾਲ ਸਿੰਘ ਲੈਕਚਰਾਰ, ਮੰਜੂਸ਼ਾ, ਲੈਕ. ਤੇਜਪਾਲ ਸਿੰਘ, ਰਵਿੰਦਰ ਸਿੰਘ, ਰਜਿੰਦਰ ਕੁਮਾਰ, ਲਖਵੀਰ ਕੌਰ, ਸੋਨੀਆ, ਮਾਪੇ ਅਤੇ ਸਮੁੱਚਾ ਸਟਾਫ਼ ਹਾਜ਼ਰ ਰਿਹਾ |