ਅਮਲੋਹ, 3 ਅਪ੍ਰੈਲ (ਕੇਵਲ ਸਿੰਘ)-ਦੇਸ਼ ਭਗਤ ਯੂਨੀਵਰਸਿਟੀ ਦੇ ਇੰਜੀਨੀਅਰਿੰਗ, ਟੈਕਨਾਲੋਜੀ ਅਤੇ ਕੰਪਿਊਟਿੰਗ ਫੈਕਲਟੀ ਵਲੋਂ ਇਕ ਭਾਰਤ ਸੇ੍ਰਸ਼ਠ ਭਾਰਤ ਪਹਿਲ ਦੇ ਤਹਿਤ ਬਿਹਾਰ ਦਿਵਸ ਦਾ ਸਫਲ ਆਯੋਜਨ ਕੀਤਾ ਗਿਆ, ਜਿਸ ਦਾ ਉਦੇਸ਼ ਸਭਿਆਚਾਰਕ ਸਾਂਝ ਅਤੇ ਰਾਸ਼ਟਰੀ ਏਕਤਾ ਨੂੰ ਉਤਸ਼ਾਹਿਤ ਕਰਨਾ ਸੀ | ਇਸ ਸਮਾਗਮ ਵਿਚ ਬਿਹਾਰ ਦੀ ਅਮੀਰ ਸਭਿਆਚਾਰਕ ਵਿਰਾਸਤ ਨੂੰ ਰੰਗ-ਬਿਰੰਗੀਆਂ ਪ੍ਰਸਤੁਤੀਆਂ, ਪਰੰਪਰਾਗਤ ਕਾਰਜਾਂ ਅਤੇ ਵਿਦਿਆਰਥੀਆਂ ਦੀ ਉਤਸ਼ਾਹਪੂਰਨ ਭਾਗੀਦਾਰੀ ਰਾਹੀਂ ਸੁੰਦਰ ਢੰਗ ਨਾਲ ਦਰਸਾਇਆ ਗਿਆ | ਭਾਗੀਦਾਰਾਂ ਦੀ ਉਰਜਾ ਅਤੇ ਸਮਰਪਣ ਨੇ ਇਸ ਸਮਾਰੋਹ ਨੂੰ ਯਾਦਗਾਰ ਬਣਾ ਦਿੱਤਾ | ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਆਪਣੇ ਪ੍ਰੇਰਕ ਸ਼ਬਦਾਂ ਨਾਲ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਇਸ ਸ਼ਾਨਦਾਰ ਸਮਾਗਮ ਦੀ ਸਰਾਹਨਾ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਦੀ ਰਚਨਾਤਮਿਕਤਾ, ਟੀਮ ਵਰਕ ਅਤੇ ਸਮਰਪਣ ਭਾਵਨਾ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਬਿਹਾਰ ਦੇ ਲੋਕਾਂ ਦੀ ਦੇਸ਼ ਭਗਤੀ ਦੀ ਭਾਵਨਾ ਨੂੰ ਉਜਾਗਰ ਕੀਤਾ | ਉਨ੍ਹਾਂ ਨੇ ਬਿਹਾਰੀ ਵਿਦਿਆਰਥੀਆਂ ਦੇ ਮਜ਼ਬੂਤ ਮੁੱਲਾਂ ਜਿਵੇਂ ਦੇਸ਼ ਭਗਤੀ, ਸਰੋਤਾਂ ਦੀ ਸੰਭਾਲ ਅਤੇ ਸਮਰਪਣ ਬਾਰੇ ਵੀ ਚਰਚਾ ਕੀਤੀ | ਇਸੇ ਤਰ੍ਹਾਂ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਬਿਹਾਰ ਦੀਆਂ ਅਮੀਰ ਸਭਿਆਚਾਰਕ ਪਰੰਪਰਾਵਾਂ ਦੀ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥੀਆਂ ਵਲੋਂ ਕੀਤੀਆਂ ਸੁੰਦਰ ਪ੍ਰਸਤੁਤੀਆਂ ਦੀ ਵੀ ਸਰਾਹਨਾ ਕੀਤੀ | ਪ੍ਰੋ-ਵਾਈਸ ਚਾਂਸਲਰ ਡਾ. ਬੂਟਾ ਸਿੰਘ ਨੇ ਵਿਦਿਆਰਥੀਆਂ ਨੂੰ ਸੱਭਿਆਚਾਰਕ ਅਤੇ ਅਕਾਦਮਿਕ ਗਤੀਵਿਧੀਆਂ ਵਿਚ ਸਰਗਰਮ ਭਾਗ ਲੈਣ ਲਈ ਪ੍ਰੇਰਿਤ ਕੀਤਾ, ਜੋ ਏਕਤਾ ਅਤੇ ਸਮੁੱਚੀ ਸਿੱਖਿਆ ਨੂੰ ਵਧਾਉਣ ਵਿਚ ਮਦਦ ਕਰਦੀਆਂ ਹਨ | ਸਮਾਗਮ ਦੀ ਸਮਾਪਤੀ ਡਾ. ਖ਼ੁਸ਼ਬੂ ਬਾਂਸਲ ਨੇ ਸਮਾਰੋਹ ਨੂੰ ਸਫਲ ਬਣਾਉਣ ਵਿਚ ਯੋਗਦਾਨ ਪਾਉਣ ਵਾਲੇ ਸਾਰੇ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ |