ਫ਼ਤਹਿਗੜ੍ਹ ਸਾਹਿਬ, 3 ਅਪ੍ਰੈਲ (ਬਲਜਿੰਦਰ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਚ 'ਟੈਕ ਟਾਇਟਨਜ਼ 2026' ਟੈਕ ਫੈਸਟ ਕਰਵਾਈ ਗਈ | ਸਮਾਗਮ ਦੇ ਕੋਆਰਡੀਨੇਟਰ ਡਾ. ਦੂਰਦਰਸ਼ੀ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਭਾਗ ਲੈ ਕੇ ਆਪਣੀ ਤਕਨੀਕੀ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਵੇਰ ਦੇ ਸੈਸ਼ਨ ਦੌਰਾਨ ਕਾਲਜ ਟਰੱਸਟ ਦੇ ਮੈਂਬਰਾਂ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਅਤੇ ਐਡਵੋਕੇਟ ਸਤਨਾਮ ਸਿੰਘ ਭਗੜਾਣਾ ਨੇ ਪ੍ਰੋਜੈਕਟ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ | ਉਨ੍ਹਾਂ ਨੇ ਵੱਖ-ਵੱਖ ਤਕਨੀਕੀ ਗਤੀਵਿਧੀਆਂ ਦਾ ਜਾਇਜ਼ਾ ਲਿਆ ਅਤੇ ਫੈਕਲਟੀ ਤੇ ਵਿਦਿਆਰਥੀਆਂ ਦੇ ਯਤਨਾਂ ਦੀ ਭਰਪੂਰ ਪ੍ਰਸੰਸਾ ਕੀਤੀ | ਇਸ ਦੌਰਾਨ ਰੋਬੋ ਵਾਰ, ਤਕਨੀਕੀ ਪੇਪਰ ਪ੍ਰੇਜ਼ੇਂਟੇਸ਼ਨ, ਪ੍ਰੋਜੈਕਟ ਪ੍ਰਦਰਸ਼ਨੀ, ਪੋਸਟਰ ਪ੍ਰਦਰਸ਼ਨੀ, ਕੁਇਜ਼ ਮੁਕਾਬਲੇ, ਟਿ੍ੱਕੀ ਸ੍ਰਕਿਟ, ਆਈਡੀਆਥਾਨ, ਮੈਡ ਐਡ ਅਤੇ ਫ਼ੋਟੋਗ੍ਰਾਫੀ ਪ੍ਰਦਰਸ਼ਨੀ ਵਰਗੀਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਇਹ ਮੁਕਾਬਲੇ ਵਿਦਿਆਰਥੀਆਂ ਲਈ ਆਪਣੀ ਤਕਨੀਕੀ ਸਮਝ, ਰਚਨਾਤਮਿਕਤਾ ਅਤੇ ਨਵੇਂ ਵਿਚਾਰਾਂ ਨੂੰ ਪ੍ਰਦਰਸ਼ਿਤ ਕਰਨ ਲਈ ਇਕ ਸ਼ਾਨਦਾਰ ਮੰਚ ਸਾਬਤ ਹੋਏ | ਸਮਾਪਤੀ ਸਮਾਰੋਹ ਦੌਰਾਨ ਮੈਨੇਜਮੈਂਟ ਟਰੱਸਟੀ ਬਲਜੀਤ ਸਿੰਘ ਭੁੱਟਾ ਤੇ ਮਨਪ੍ਰੀਤ ਸਿੰਘ ਸ਼ਾਹਪੁਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਮੌਕੇ ਬਲਜੀਤ ਸਿੰਘ ਭੁੱਟਾ ਨੇ ਕਾਲਜ ਵਲੋਂ ਵਿਦਿਆਰਥੀਆਂ ਵਿਚ ਨਵੀਂ ਖੋਜ ਤੇ ਨਵੀਨਤਾ ਦੀ ਸੋਚ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਦੀ ਪ੍ਰਸੰਸਾ ਕੀਤੀ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਲਖਵੀਰ ਸਿੰਘ ਨੇ ਕਿਹਾ ਕਿ 'ਟੈਕ ਟਾਇਟਨਜ਼ 2026' ਵਰਗੇ ਟੈਕ ਫੈਸਟ ਵਿਦਿਆਰਥੀਆਂ ਵਿਚ ਨਵੀਂ ਸੋਚ, ਖੋਜ ਪ੍ਰਵਿਰਤੀ ਅਤੇ ਪ੍ਰਯੋਗਾਤਮਿਕ ਸਿੱਖਿਆ ਨੂੰ ਉਤਸ਼ਾਹਿਤ ਕਰਦੇ ਹਨ | ਉਨ੍ਹਾਂ ਕਿਹਾ ਕਿ ਕਾਲਜ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਪਲੇਟਫ਼ਾਰਮ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ, ਜਿੱਥੇ ਉਹ ਆਪਣੀ ਯੋਗਤਾ ਨੂੰ ਨਿਖਾਰ ਸਕਣ ਅਤੇ ਭਵਿੱਖ ਦੀਆਂ ਚੁਨੌਤੀਆਂ ਲਈ ਤਿਆਰ ਹੋ ਸਕਣ | ਇਸ ਮੌਕੇ ਵੱਖ-ਵੱਖ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ, ਜੋ ਉਨ੍ਹਾਂ ਦੀ ਮਿਹਨਤ ਅਤੇ ਤਕਨੀਕੀ ਯੋਗਤਾ ਦੀ ਪਛਾਣ ਹੈ | ਸਮਾਰੋਹ ਦੇ ਅੰਤ ਵਿਚ ਕਾਲਜ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਤਹਿਤ ਗਿੱਧਾ ਪੇਸ਼ ਕੀਤਾ ਗਿਆ | ਇਹ ਟੈਕ ਫੈਸਟ ਕਾਲਜ ਦੀ ਤਕਨੀਕੀ ਸਿੱਖਿਆ ਅਤੇ ਨਵੀਨਤਾ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੋਇਆ ਇਕ ਵੱਡੀ ਕਾਮਯਾਬੀ ਨਾਲ ਸਮਾਪਤ ਹੋਇਆ |