ਫ਼ਤਹਿਗੜ੍ਹ ਸਾਹਿਬ, 6 ਮਾਰਚ (ਮਨਪ੍ਰੀਤ ਸਿੰਘ)-ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਟੇਟ ਟੀਕਾਕਰਨ ਅਫ਼ਸਰ ਡਾ. ਮੰਜੂ ਬਾਂਸਲ ਨੇ ਐਚ.ਪੀ.ਵੀ. ਹਿਊਮਨ ਪੈਪੀਲੋਮਾ ਵਾਇਰਸ ਵੈਕਸੀਨੇਸਨ ਸਬੰਧੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਦੌਰਾ ਕੀਤਾ | ਇਸ ਦੌਰੇ ਦੌਰਾਨ ਉਨ੍ਹਾਂ ਸੀਨੀਅਰ ਮੈਡੀਕਲ ਅਫ਼ਸਰਾਂ, ਮੈਡੀਕਲ ਅਫ਼ਸਰਾਂ, ਮਲਟੀ ਪਰਪਜ਼ ਹੈਲਥ ਸੁਪਰਵਾਈਜ਼ਰਾਂ, ਮਲਟੀ ਪਰਪਜ਼ ਹੈਲਥ ਵਰਕਰਾਂ ਅਤੇ ਆਸ਼ਾ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਕਮਿਊਨਿਟੀ ਸਿਹਤ ਸੈਂਟਰ ਖੇੜਾ ਵਿਖੇ ਸਮੂਹ ਸਟਾਫ਼ ਦੀ ਮੀਟਿੰਗ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸੂਬੇ ਅੰਦਰ ਲੜਕੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਉਣ ਲਈ ਵਿੱਢੀ ਗਈ ਐਚ.ਪੀ.ਵੀ. ਟੀਕਾਕਰਨ ਮੁਹਿੰਮ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ 14 ਤੋਂ 15 ਸਾਲ ਤੱਕ ਦੀਆਂ ਸਾਰੀਆਂ ਲੜਕੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਉਣ ਲਈ ਇਹ ਵੈਕਸੀਨ ਲਗਾਉਣੀ ਯਕੀਨੀ ਬਣਾਈ ਜਾਵੇ, ਵੈਕਸੀਨ ਦੀ ਮਹੱਤਤਾ ਸਬੰਧੀ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਅਤੇ ਇਹ ਵੀ ਦੱਸਿਆ ਜਾਵੇ ਕਿ ਇਹ ਵੈਕਸੀਨ ਸਰਕਾਰੀ ਸਿਹਤ ਕੇਂਦਰਾਂ ਵਿਚ ਹਰ ਰੋਜ਼ ਮੁਫ਼ਤ ਲਗਾਈ ਜਾ ਰਹੀ ਹੈ | ਮੀਟਿੰਗ ਦੌਰਾਨ ਜੇ.ਐਸ.ਆਈ. ਦੇ ਸਟੇਟ ਟੈਕਨੀਕਲ ਮੈਨੇਜਰ ਡਾ. ਇਸ਼ਿਤਾ ਨੇ ਵੈਕਸੀਨ ਦੇ ਰੱਖ ਰਖਾਅ ਅਤੇ ਲੜਕੀਆਂ ਵਿਚ ਹੋਣ ਵਾਲੇ ਸਰਵਿਕਸ ਕੈਂਸਰ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਜੇਸ਼ ਕੁਮਾਰ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਵੈਕਸੀਨ ਬਿਲਕੁਲ ਸੇਫ਼ ਹੈ, ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ | ਇਸ ਲਈ ਆਪੋ ਆਪਣੀਆਂ 14 ਤੋਂ 15 ਸਾਲ ਤੱਕ ਦੀਆਂ ਬੱਚੀਆਂ ਨੂੰ ਇਹ ਵੈਕਸੀਨ ਜਲਦੀ ਤੋਂ ਜਲਦੀ ਲਗਵਾਈ ਜਾਵੇ | ਇਸ ਮੌਕੇ 'ਤੇ ਸੀਨੀਅਰ ਮੈਡੀਕਲ ਅਫ਼ਸਰ ਖੇੜਾ ਡਾ. ਰਾਕੇਸ਼ ਬਾਲੀ, ਸੀਨੀਅਰ ਮੈਡੀਕਲ ਅਫ਼ਸਰ ਨੰਦਪੁਰ ਕਲੌੜ ਡਾ. ਨਵਦੀਪ ਕੌਰ, ਮੈਡੀਕਲ ਅਫ਼ਸਰ ਡਾ. ਏਕਤਾ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਬਲਜਿੰਦਰ ਸਿੰਘ, ਅਮਨਪ੍ਰੀਤ ਸਿੰਘ, ਬੀ.ਈ.ਈ. ਹੇਮੰਤ ਕੁਮਾਰ ਤੋਂ ਇਲਾਵਾ ਸਮੂਹ ਮੈਡੀਕਲ ਅਫ਼ਸਰ ਹਾਜ਼ਰ ਸਨ |