ਫ਼ਤਹਿਗੜ੍ਹ ਸਾਹਿਬ, 8 ਅਪ੍ਰੈਲ (ਮਨਪ੍ਰੀਤ ਸਿੰਘ)-ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਸਰਹਿੰਦ ਸ਼ਹਿਰ ਅਤੇ ਸਰਹਿੰਦ ਮੰਡੀ ਨੂੰ ਜੋੜਨ ਵਾਲੀ ਬੀ.ਡੀ.ਪੀ.ਓ ਦਫ਼ਤਰ ਰੋਡ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਸੜਕ ਦੇ ਬਣਨ ਨਾਲ ਜਿੱਥੇ ਸ਼ਹਿਰ ਵਾਸੀਆਂ ਨੂੰ ਆਉਣ ਜਾਣ ਵਿਚ ਆਸਾਨੀ ਹੋਵੇਗੀ, ਉੱਥੇ ਹੀ ਸ਼ਹੀਦੀ ਜੋੜ ਮੇਲ ਮੌਕੇ ਆਉਣ ਵਾਲੀਆਂ ਸੰਗਤਾਂ ਨੂੰ ਵੀ ਅਲੱਗ ਰਸਤੇ ਦਾ ਵਿਕਲਪ ਮਿਲੇਗਾ | ਇਸ ਮੌਕੇ ਵਿਧਾਇਕ ਰਾਏ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਸਰਹਿੰਦ ਸ਼ਹਿਰ ਤੋਂ ਸਰਹਿੰਦ ਮੰਡੀ ਨੂੰ ਜੋੜਨ ਵਾਲੇ ਬੀ.ਡੀ.ਪੀ.ਓ ਦਫ਼ਤਰ ਰੋਡ ਨੂੰ ਇੰਟਰਲਾਕ ਟਾਈਲ ਦੇ ਨਾਲ ਪੱਕਾ ਕੀਤਾ ਜਾ ਰਿਹਾ ਹੈ | ਇਸ ਦੇ ਦੋਨਾਂ ਸਾਈਡਾਂ ਤੇ ਡੇਢ ਡੇਢ ਮੀਟਰ ਦੇ ਬਰਮ ਵੀ ਬਣਾਏ ਜਾ ਰਹੇ ਹਨ ਅਤੇ ਪੰਜ ਫੁੱਟ ਦਾ ਪਾਥ ਬਣਾਇਆ ਜਾ ਰਿਹਾ ਹੈ ਤਾਂ ਜੋ ਇਸ ਸੜਕ ਨੂੰ ਸੈਰਗਾਹ ਵਜੋਂ ਵੀ ਇਸਤੇਮਾਲ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਇਸੇ ਸੜਕ 'ਤੇ ਆਉਣ ਵਾਲੇ ਦਿਨਾਂ ਵਿਚ ਇਕ ਪਾਰਕ ਦੀ ਉਸਾਰੀ ਹੋ ਰਹੀ ਹੈ, ਜੋ ਸ਼ਹਿਰ ਵਾਸੀਆਂ ਲਈ ਲਾਹੇਵੰਦ ਸਾਬਤ ਹੋਵੇਗੀ | ਉਨ੍ਹਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਵਾਸੀ ਇੱਥੇ ਕੂੜੇ ਦਾ ਡੰਪ ਹੋਣ ਕਾਰਨ ਬਹੁਤ ਪ੍ਰੇਸ਼ਾਨ ਸਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਇਸ ਡੰਪ ਨੂੰ ਚੁੱਕ ਕੇ ਸ਼ਹਿਰ ਤੋਂ ਬਾਹਰ ਕੱਢਿਆ ਗਿਆ | ਉਸ ਥਾਂ ਉੱਤੇ ਨਵੀਂ ਪਾਰਕ ਉਸਾਰੀ ਜਾ ਰਹੀ ਹੈ, ਤਾਂ ਜੋ ਸ਼ਹਿਰ ਵਾਸੀਆਂ ਨੂੰ ਇਕ ਨਵੀਂ ਸਹੂਲਤ ਦਿੱਤੀ ਜਾ ਸਕੇ | ਇਸ ਮੌਕੇ ਸ਼ਹਿਰ ਵਾਸੀ ਰਜੇਸ਼ ਉੱਪਲ ਨੇ ਕਿਹਾ ਕਿ ਉਹ ਵਿਧਾਇਕ ਰਾਏ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਪਹਿਲਾਂ ਗੰਦੇ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਕਰਵਾਇਆ ਅਤੇ ਹੁਣ ਸ਼ਹਿਰ ਦੇ ਆਲ਼ੇ ਦੁਆਲੇ ਨੂੰ ਪੱਕਾ ਕਰਵਾਉਣ ਲਈ ਕੰਮ ਕਰ ਰਹੇ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਆਗੂ ਕੁਲਵਿੰਦਰ ਸਿੰਘ ਡੇਰਾ, ਯੂਥ ਦੇ ਪ੍ਰਧਾਨ ਦਿਲਪ੍ਰੀਤ ਸਿੰਘ ਭੱਟੀ, ਏ.ਐਸ.ਆਈ. ਬਲਜਿੰਦਰ ਸਿੰਘ, ਐਡਵੋਕੇਟ ਹਰ ਕਮਲ ਸਿੰਘ, ਡਾ. ਸਨੀਤ ਕੁਮਾਰ, ਸ਼ਨੀ ਚੋਪੜਾ, ਅਨਾਜ ਮੰਡੀ ਦੇ ਪ੍ਰਧਾਨ ਤਰਸੇਮ ਉੱਪਲ, ਹਰਮਿੰਦਰ ਸੂਦ, ਹਿਤੇਸ਼ ਉੱਪਲ, ਮਾਸਟਰ ਸੰਤੋਖ ਸਿੰਘ, ਅਸ਼ੋਕ ਕੁਮਾਰ ਵਿੱਕੀ, ਰਜੇਸ਼ ਕੁਮਾਰ, ਬਹਾਦਰ ਜਲਾਲ, ਮੋਹਿਤ ਸੂਦ ਅਤੇ ਐਡ. ਰੀਨਾ ਰਾਣੀ ਵੀ ਹਾਜ਼ਰ ਸਨ |