ਫ਼ਤਹਿਗੜ੍ਹ ਸਾਹਿਬ, 8 ਅਪ੍ਰੈਲ (ਮਨਪ੍ਰੀਤ ਸਿੰਘ)-ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਦੁਆਰਾ ਭੈੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਪੀ.ਓ. ਸਟਾਫ਼ ਫ਼ਤਹਿਗੜ੍ਹ ਸਾਹਿਬ ਅਤੇ ਸੀ.ਆਈ.ਏ. ਸਟਾਫ਼ ਸਰਹਿੰਦ ਦੀ ਪੁਲਿਸ ਪਾਰਟੀ ਨੇ ਮੱਝਾਂ ਚੋਰੀ ਦੇ ਪੰਜ ਮਾਮਲਿਆਂ ਵਿਚ ਭਗੌੜੇ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦਿਆਂ ਪੀ.ਓ. ਸਟਾਫ਼ ਫ਼ਤਹਿਗੜ੍ਹ ਸਾਹਿਬ ਦੇ ਐਸ.ਐਚ.ਓ ਕੁਲਵੰਤ ਸਿੰਘ ਨੇ ਦੱਸਿਆ ਕਿ ਸਵਾਰਦੀਨ ਪੁੱਤਰ ਨੂਰ ਜਮਾਲ ਵਾਸੀ ਪਿੰਡ ਬਰੜਵਾਲ, ਜ਼ਿਲ੍ਹਾ ਸੰਗਰੂਰ ਦੇ ਖ਼ਿਲਾਫ਼ ਥਾਣਾ ਮੂਲੇਪੁਰ ਵਿਚ ਮੱਝਾਂ ਚੋਰੀ ਦੇ ਕਈ ਮਾਮਲੇ ਦਰਜ ਹਨ | ਮੱਝਾਂ ਚੋਰੀ ਦੇ ਮਾਮਲਿਆਂ ਵਿਚ ਸਵਾਰਦੀਨ ਪਿਛਲੇ ਤਿੰਨ ਸਾਲਾਂ ਤੋਂ ਭਗੌੜਾ ਸੀ | ਸਵਾਰਦੀਨ ਕਥਿਤ ਆਪਣੇ ਪੁੱਤਰ ਹਸਬ ਅਲੀ ਨਾਲ ਮਿਲ ਕੇ ਮੱਝਾਂ ਚੋਰੀ ਕਰਦਾ ਸੀ | ਹਸਬ ਅਲੀ ਨੂੰ ਪਹਿਲਾਂ ਹੀ 6 ਮਾਮਲਿਆਂ ਵਿਚ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ | ਸਵਾਰਦੀਨ ਨੇ ਈਸ਼ਰ ਸਿੰਘ ਪੁੱਤਰ ਰਾਮ ਕਿ੍ਸ਼ਨ ਵਾਸੀ ਲਟੌਰ, ਥਾਣਾ ਮੂਲੇਪੁਰ ਦੀਆਂ ਵੀ ਮੱਝਾਂ ਚੋਰੀ ਕੀਤੀਆਂ ਸਨ | ਜਿਸ ਤੇ ਮਾਨਯੋਗ ਅਦਾਲਤ ਫ਼ਤਹਿਗੜ੍ਹ ਸਾਹਿਬ ਨੇ ਲਗਭਗ ਤਿੰਨ ਸਾਲ ਪਹਿਲਾਂ ਸਵਾਰਦੀਨ ਨੂੰ ਭਗੌੜਾ ਕਰਾਰ ਦਿੱਤਾ ਸੀ | ਜਿਸ 'ਤੇ ਪੀ.ਓ. ਸਟਾਫ਼ ਅਤੇ ਸੀ.ਆਈ.ਏ ਸਟਾਫ਼ ਸਰਹਿੰਦ ਦੇ ਸਹਾਇਕ ਥਾਣੇਦਾਰ ਰਘਬੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਸਵਾਰਦੀਨ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |