ਮੰਡੀ ਗੋਬਿੰਦਗੜ੍ਹ, 10 ਅਪ੍ਰੈਲ (ਰਾਜੇਸ਼ ਸ਼ਰਮਾ)-ਲੋਹਾ ਨਗਰੀ ਨੇ ਅੱਜ ਖੇਡਾਂ ਦੇ ਖੇਤਰ ਵਿਚ ਇਕ ਨਵੀਂ ਇਤਿਹਾਸਕ ਉਪਲੱਬਧੀ ਦਰਜ ਕਰਦਿਆਂ ਉਲੰਪਿਕ ਸੋਨ ਤਗਮਾ ਜੇਤੂ ਅਰਜੁਨ ਸਿੰਘ ਚੀਮਾ ਦੇ ਨਾਂਅ 'ਤੇ ਆਧੁਨਿਕ ਅਤੇ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਤਿਆਰ ਕੀਤੀ ਗਈ ਏਅਰ ਪਿਸਟਲ ਤੇ ਰਾਈਫ਼ਲ 10 ਮੀਟਰ ਸ਼ੂਟਿੰਗ ਰੇਂਜ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ | ਇਹ ਪ੍ਰੋਜੈਕਟ ਨਗਰ ਕੌਂਸਲ ਵਲੋਂ ਲਗਪਗ 2 ਕਰੋੜ 10 ਲੱਖ 61 ਹਜ਼ਾਰ ਰੁਪਏ ਦੀ ਲਾਗਤ ਨਾਲ ਸਥਾਨਕ ਮਹਾਰਾਜਾ ਅਗਰਸੈਨ ਪਾਰਕ ਨੇੜੇ ਤਿਆਰ ਕੀਤਾ ਗਿਆ ਹੈ | ਇਸ ਸ਼ੂਟਿੰਗ ਰੇਂਜ ਦਾ ਉਦਘਾਟਨ ਖ਼ੁਦ ਉਲੰਪਿਕ ਚੈਂਪੀਅਨ ਅਰਜੁਨ ਸਿੰਘ ਚੀਮਾ ਨੇ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਦੀ ਮੌਜੂਦਗੀ ਵਿਚ ਕੀਤਾ | ਦੱਸਣਯੋਗ ਹੈ ਕਿ ਚੀਮਾ ਨੇ ਉਲੰਪਿਕ ਖੇਡਾਂ ਵਿਚ ਭਾਰਤ ਲਈ ਸੋਨੇ ਦਾ ਤਗਮਾ ਜਿੱਤ ਕੇ ਨਾ ਸਿਰਫ਼ ਦੇਸ਼, ਸਗੋਂ ਪੰਜਾਬ ਤੇ ਮੰਡੀ ਗੋਬਿੰਦਗੜ੍ਹ ਦਾ ਨਾਮ ਵੀ ਵਿਸ਼ਵ ਪੱਧਰ 'ਤੇ ਰੌਸ਼ਨ ਕੀਤਾ | ਉਨ੍ਹਾਂ ਦੀ ਇਸ ਉਪਲੱਬਧੀ ਤੋਂ ਪ੍ਰੇਰਿਤ ਹੋ ਕੇ ਵਿਧਾਇਕ ਬੜਿੰਗ ਵਲੋਂ ਇਸ ਸ਼ੂਟਿੰਗ ਰੇਂਜ ਦੀ ਸਥਾਪਨਾ ਦਾ ਐਲਾਨ ਕੀਤਾ ਗਿਆ ਸੀ, ਜੋ ਅੱਜ ਹਕੀਕਤ ਬਣ ਗਿਆ | ਇਸ ਮੌਕੇ ਵਿਧਾਇਕ ਬੜਿੰਗ ਨੇ ਕਿਹਾ ਕਿ ਚੀਮਾ ਵਰਗੇ ਖਿਡਾਰੀ ਨੌਜਵਾਨ ਪੀੜ੍ਹੀ ਲਈ ਸਿਰਫ਼ ਪੇ੍ਰਰਨਾ ਹੀ ਨਹੀਂ, ਸਗੋਂ ਇਕ ਮਿਸਾਲ ਹਨ, ਕਿ ਮਿਹਨਤ, ਅਨੁਸ਼ਾਸਨ ਅਤੇ ਸਹੀ ਦਿਸ਼ਾ ਨਾਲ ਹਰ ਸੁਪਨਾ ਸਾਕਾਰ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਤਰ੍ਹਾਂ ਦੇ ਆਧੁਨਿਕ ਪ੍ਰੋਜੈਕਟ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਵਿਚ ਅਹਿਮ ਭੂਮਿਕਾ ਨਿਭਾਉਣਗੇ | ਉੁਨ੍ਹਾਂ ਵਿਸ਼ਵਾਸ ਜਿਤਾਇਆ ਕਿ ਇਸ ਸ਼ੂਟਿੰਗ ਰੇਂਜ ਰਾਹੀਂ ਮੰਡੀ ਗੋਬਿੰਦਗੜ੍ਹ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਖੇਡਾਂ ਵਿਚ ਆਪਣਾ ਭਵਿੱਖ ਤਿਆਰ ਕਰਨਗੇ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ | ਕੌਂਸਲ ਪ੍ਰਧਾਨ ਪਿ੍ੰਸ ਨੇ ਦੱਸਿਆ ਕਿ ਇਹ ਸ਼ੂਟਿੰਗ ਰੇਂਜ ਸਿਰਫ਼ ਇਕ ਖੇਡ ਸਹੂਲਤ ਨਹੀਂ, ਸਗੋਂ ਸ਼ਹਿਰ ਵਲੋਂ ਆਪਣੇ ਪੁੱਤਰ ਅਰਜੁਨ ਚੀਮਾ ਨੂੰ ਦਿੱਤਾ ਗਿਆ ਇਕ ਵਿਸ਼ੇਸ਼ ਸਨਮਾਨ ਹੈ | ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਮੰਡੀ ਗੋਬਿੰਦਗੜ੍ਹ ਦੀ ਖੇਡਾਂ ਪ੍ਰਤੀ ਵਚਨਬੱਧਤਾ ਅਤੇ ਨੌਜਵਾਨਾਂ ਦੇ ਭਵਿੱਖ ਲਈ ਦਿ੍ੜ੍ਹ ਨਿਸ਼ਚੇ ਨੂੰ ਦਰਸਾਉਂਦਾ ਹੈ | ਉਨ੍ਹਾਂ ਵਿਸ਼ਵਾਸ ਜਿਤਾਇਆ ਕਿ ਇਹ ਰੇਂਜ ਨਾ ਸਿਰਫ਼ ਨਵੇਂ ਚੈਂਪੀਅਨ ਤਿਆਰ ਕਰੇਗੀ, ਸਗੋਂ ਮੰਡੀ ਗੋਬਿੰਦਗੜ੍ਹ ਨੂੰ ਖੇਡਾਂ ਦੇ ਖੇਤਰ ਵਿਚ ਇਕ ਨਵੀਂ ਪਛਾਣ ਵੀ ਦਿਵਾਏਗੀ | ਇਸ ਮੌਕੇ ਅਰਜੁਨ ਚੀਮਾ ਦੇ ਪਿਤਾ ਸੰਦੀਪ ਸਿੰਘ ਚੀਮਾ, ਮਾਤਾ ਕਿਰਨ ਚੀਮਾ, ਕਾਰਜਸਾਧਕ ਅਫ਼ਸਰ ਚੇਤਨ ਸ਼ਰਮਾ, ਐਸ.ਈ. ਗੁਰਪ੍ਰਤਾਪ ਸਿੰਘ, ਜੇ.ਈ. ਗੌਰਵ ਧਿਰ, ਕੌਂਸਲਰ ਪੁਨੀਤ ਗੋਇਲ, ਰਾਧਿਕਾ ਵਰਮਾ, ਪੂਜਾ ਸ਼ਰਮਾ, ਵਿਨੀਤ ਬਿੱਟੂ, ਸੁਖਵਿੰਦਰ ਕੌਰ, ਸੋਮਨਾਥ ਅਜਨਾਲੀ, ਪਰਮਜੀਤ ਵਾਲੀਆ, ਰਣਧੀਰ ਸਿੰਘ ਹੈਪੀ ਤੋਂ ਇਲਾਵਾ ਅਰਜੁਨ ਚੀਮਾ ਦੇ ਚਾਚਾ ਜਗਵਿੰਦਰ ਸਿੰਘ ਚੀਮਾ, ਭੈਣ ਕੁਦਰਤ ਚਹਿਲ, ਸ਼ਮਸ਼ੇਰ ਚਹਿਲ, ਕੁਰਬਾਨ ਸਿੰਘ, ਕਰਨ ਅਟਵਾਲ, ਰਮਨ ਤਾਂਗੜੀ, ਜਗਮੋਹਨ ਸਿੰਘ ਬਿੱਟੂ, ਅਮਿਤ ਠਾਕੁਰ, ਰੋਹਿਤ ਗੋਇਲ, ਧਰਮਿੰਦਰ ਸਿੰਘ, ਬਲਦੇਵ ਸ਼ਰਮਾ, ਸੁਖਵਿੰਦਰ ਸਿੰਘ ਭਾਂਬਰੀ, ਹਰਪ੍ਰੀਤ ਸਿੰਘ ਵਿੱਕੀ ਚਹਿਲ, ਗਗਨਦੀਪ ਰਿੱਚੀ, ਬੀਰਦਵਿੰਦਰ ਸਿੰਘ, ਅਜੈ ਲਿਬੜਾ, ਹੇਮੰਤ ਗੋਇਲ, ਮਨੀਸ਼, ਵਰੁਣ ਸ਼ਰਮਾ, ਦਲਜੀਤ ਵਿਰਕ, ਗੁਰਮੀਤ ਸਿੰਘ, ਗੀਤਾਂਜਲੀ ਗਿਫਟੀ, ਹਰਬੰਸ ਕੌਰ ਨੇਹਾ, ਬੇਬੀ ਧੀਮਾਨ, ਸਲੀਮ ਗਗੜੀ, ਵਿਨੋਦ ਗੁੱਜਰ ਅਤੇ ਦੀਪਕ ਘਈ ਸਮੇਤ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜਰ ਸਨ |