ਫ਼ਤਹਿਗੜ੍ਹ ਸਾਹਿਬ, 10 ਅਪ੍ਰੈਲ (ਬਲਜਿੰਦਰ ਸਿੰਘ)-ਪੰਜਾਬ ਨੰਬਰਦਾਰਾ ਐਸੋਸੀਏਸ਼ਨ (ਗਾਲਿਬ) ਫ਼ਤਹਿਗੜ੍ਹ ਸਾਹਿਬ ਵਲੋਂ ਨੰਬਰਦਾਰਾਂ ਦੀਆਂ ਲੰਬਿਤ ਮੰਗਾਂ ਦੇ ਨਿਪਟਾਰੇ ਲਈ ਪੰਜਾਬ ਸਰਕਾਰ ਦੇ ਨਾਂਅ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਭੇਜਿਆ ਗਿਆ | ਇਸ ਮੌਕੇ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਬਾਗੜੀਆਂ ਨੇ ਦੱਸਿਆ ਕਿ ਪੰਜਾਬ ਦੇ ਸਮੂਹ ਨੰਬਰਦਾਰ ਸਮਾਜ ਤੇ ਪ੍ਰਸ਼ਾਸਨ ਦਰਮਿਆਨ ਇਕ ਅਹਿਮ ਕੜੀ ਵਜੋਂ ਕੰਮ ਕਰਦੇ ਹੋਏ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ | ਪ੍ਰੰਤੂ ਮੌਜੂਦਾ ਸਮੇਂ ਵਿਚ ਨੰਬਰਦਾਰਾਂ ਨੂੰ ਦਿੱਤਾ ਜਾ ਰਿਹਾ ਮਾਣ ਭੱਤਾ ਅਤੇ ਹੋਰ ਸਹੂਲਤਾਂ ਬਹੁਤ ਹੀ ਨਾ ਮਾਤਰ ਹਨ | ਉਨ੍ਹਾਂ ਮੰਗ ਕੀਤੀ ਕਿ ਨੰਬਰਦਾਰਾਂ ਦੇ ਮਾਣ ਭੱਤੇ ਵਿਚ ਵਾਧਾ ਕੀਤਾ ਜਾਵੇ, ਨੰਬਰਦਾਰਾਂ ਨੂੰ ਸੂਬੇ ਅੰਦਰ ਟੋਲ ਟੈਕਸ ਤੋਂ ਛੋਟ ਦਿੱਤੀ ਜਾਵੇ, ਨੰਬਰਦਾਰ ਦੀ ਮੌਤ ਤੋਂ ਬਾਅਦ ਸਰਬਰਾਹ ਨੰਬਰਦਾਰ ਕਰ ਰਹੇ ਨੰਬਰਦਾਰ ਦੇ ਪੁੱਤਰ ਨੂੰ ਬਿਨਾਂ ਕਿਸੇ ਸ਼ਰਤ ਤੋਂ ਨੰਬਰਦਾਰ ਬਣਾਇਆ ਜਾਵੇ | ਪੰਜਾਬ ਸਰਕਾਰ ਦੇ ਨੋਟੀਫ਼ਿਕੇਸ਼ਨ ਅਨੁਸਾਰ ਨੰਬਰਦਾਰਾਂ ਨੂੰ ਤਹਿਸੀਲ ਪੱਧਰ 'ਤੇ ਕਮਰੇ ਅਲਾਟ ਕੀਤੇ ਜਾਣ | ਪੰਜਾਬ ਲੈਂਡ ਰੈਵੀਨਿਊ ਐਕਟ ਦੇ ਸੈਕਸ਼ਨ 24 ਤੇ ਮਾਨ ਪੁਨਰਵਾਸ ਡਿਜਾਸਟਰਮੈਟ ਵਿਭਾਗ (ਭੌ ਮਾਲੀਆ ਸ਼ਾਖਾ) ਦੇ ਪੱਤਰ ਅਨੁਸਾਰ ਨੰਬਰਦਾਰ ਦੇ ਲੜਕੇ ਨੂੰ ਮਿ੍ਤਕ ਨੰਬਰਦਾਰ ਦੀ ਜਗ੍ਹਾ ਤਰਜੀਹ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਨੰਬਰਦਾਰਾਂ ਨਾਲ ਸਰਕਾਰਾਂ ਵਲੋਂ ਵਾਅਦੇ ਤਾਂ ਕਈ ਵਾਰ ਕੀਤੇ ਜਾ ਚੁੱਕੇ ਹਨ ਪਰ ਮੰਗਾਂ ਦਾ ਨਿਪਟਾਰਾ ਅਜੇ ਤੱਕ ਨਹੀਂ ਹੋਇਆ, ਜਦੋਂਕਿ ਨੰਬਰਦਾਰ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਅ ਰਹੇ ਹਨ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨੰਬਰਦਾਰਾਂ ਦੀਆਂ ਲੰਬਿਤ ਮੰਗਾਂ ਦਾ ਨਿਪਟਾਰਾ ਬਿਨਾਂ ਸ਼ਰਤ ਜਲਦ ਕੀਤਾ ਜਾਵੇ | ਇਸ ਮੌਕੇ 'ਤੇ ਨੰਬਰਦਾਰ ਮਹਿੰਦਰ ਸਿੰਘ ਬਾਗੜੀਆਂ, ਗੁਰਪ੍ਰੀਤ ਸਿੰਘ ਮੀਆਂਪੁਰ, ਹਰਚੰਦ ਸਿੰਘ ਜਖਵਾਲੀ, ਕੁਲਵਿੰਦਰ ਸਿੰਘ ਬਾਗੜੀਆਂ, ਸਤਨਾਮ ਸਿੰਘ ਬਾਗੜੀਆਂ, ਨਰਿੰਦਰ ਸਿੰਘ, ਰਣਜੀਤ ਸਿੰਘ ਆਦਮਪੁਰ, ਮਨਜਿੰਦਰ ਸਿੰਘ ਸੰਗਤਪੁਰਾ ਨੇ ਐਸੋਸੀਏਸ਼ਨ ਵਲੋਂ ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਦੇ ਨਾਂਅ ਐਸ.ਡੀ.ਐਮ ਨੂੰ ਮੰਗ ਪੱਤਰ ਸੌਂਪਿਆ ਗਿਆ |