ਪਟਿਆਲਾ, 10 ਅਪ੍ਰੈਲ (ਮਨਦੀਪ ਸਿੰਘ ਖਰੌੜ)-ਸੂਬਾ ਸਰਕਾਰ ਵਲੋਂ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਮੂਲ ਅਨਾਜਾਂ (ਮਿਲੇਟਸ) ਦੀ ਵਰਤੋਂ ਨੂੰ ਵਧਾਵਾ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਇਸ ਸੰਬੰਧੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ''ਤੰਦਰੁਸਤ ਤੇ ਖ਼ੁਸ਼ਹਾਲ ਪੰਜਾਬ'' ਦੀ ਸਿਰਜਣਾ ਲਈ ਲੋਕਾਂ ਨੂੰ ਮੋਟੇ ਅਨਾਜਾਂ ਦੀ ਵਰਤੋਂ ਵੱਲ ਵਧਾਉਣਾ ਸਮੇਂ ਦੀ ਲੋੜ ਹੈ | ਉਹ ਅੱਜ ਬਹਾਵਲਪੁਰ ਪੈਲੇਸ ਵਿਖੇ ''ਈਟ ਰਾਈਟ ਮਿਲੇਟ ਮੇਲਾ-2026'' ਦੇ ਉਦਘਾਟਨ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ | ਇਹ ਮੇਲਾ ਫੂਡ ਸੇਫ਼ਟੀ ਐਂਡ ਡਰੱਗ ਐਡਮਨਿਸਟਰੇਸ਼ਨ, ਪੰਜਾਬ (ਐਫ.ਡੀ.ਏ.) ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਕਰਵਾਇਆ ਗਿਆ | ਡਾ. ਬਲਬੀਰ ਸਿੰਘ ਨੇ ਕਿਹਾ ਕਿ ਜੇਕਰ ਹਰ ਪੰਜਾਬੀ ਸਿਹਤਮੰਦ ਹੋਵੇਗਾ ਤਾਂ ਹੀ ''ਰੰਗਲਾ ਪੰਜਾਬ'' ਦਾ ਸੁਪਨਾ ਸਾਕਾਰ ਹੋ ਸਕਦਾ ਹੈ | ਇਸ ਲਈ ਸਰਕਾਰ ਵਲੋਂ ਮਿਲੇਟਸ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸੂਬਾ ਪੱਧਰੀ ਮੁਹਿੰਮ ਚਲਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪਟਿਆਲਾ ਵਿਚ ਕਰਵਾਇਆ ਗਿਆ ਇਹ ਮਿਲੇਟ ਮੇਲਾ ਇਸ ਦਿਸ਼ਾ ਵਿਚ ਇਕ ਸ਼ਲਾਘਾਯੋਗ ਕਦਮ ਹੈ | ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਨੂੰ ਸਾਫ਼-ਸੁਥਰਾ ਅਤੇ ਸ਼ੁੱਧ ਖਾਣਾ ਉਪਲਬਧ ਕਰਵਾਉਣ ਲਈ ਪੱਕੇ ਇਰਾਦੇ ਨਾਲ ਕੰਮ ਕੀਤਾ ਜਾ ਰਿਹਾ ਹੈ | ਖਾਣੇ ਵਿਚ ਮਿਲਾਵਟ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਡਾ. ਬਲਬੀਰ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਦੇ ਸਾਰੇ ਜ਼ਿਲਿ੍ਹਆਂ ਵਿਚ 15 ਦਿਨਾਂ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ | ਇਸ ਦੌਰਾਨ ਫੂਡ ਸੇਫ਼ਟੀ ਅਧਿਕਾਰੀ ਹਰ ਰੋਜ਼ ਸਵੇਰੇ 9 ਤੋਂ 11 ਵਜੇ ਤੱਕ ਮੌਕੇ 'ਤੇ ਮੌਜੂਦ ਰਹਿਣਗੇ ਅਤੇ ਖਾਣ-ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਲੈ ਕੇ ਜਾਂਚ ਕਰਨਗੇ | ਉਨ੍ਹਾਂ ਕਿਹਾ ਕਿ ਹਰ ਜ਼ਿਲ੍ਹੇ ਵਿਚ ਮੋਬਾਈਲ ਲੈਬੋਰਟਰੀ ਵੀ ਉਪਲਬਧ ਕਰਵਾਈ ਜਾਵੇਗੀ | ਉਨ੍ਹਾਂ ਖਾਣ-ਪੀਣ ਦੇ ਕਾਰੋਬਾਰ ਨਾਲ ਜੁੜੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਉਤਪਾਦਾਂ ਦੀ ਰਜਿਸਟੇ੍ਰਸ਼ਨ ਕਰਵਾਉਣ ਅਤੇ ਸਫ਼ਾਈ ਅਤੇ ਗੁਣਵੱਤਾ ਦੇ ਮਿਆਰਾਂ ਦੀ ਪਾਲਨਾ ਕਰਨ | ਉਨ੍ਹਾਂ ਚੇਤਾਵਨੀ ਦਿੱਤੀ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਸਿਹਤ ਮੰਤਰੀ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਕਿਸਮ ਦੀ ਖਾਣੇ ਵਿਚ ਮਿਲਾਵਟ ਦੀ ਜਾਣਕਾਰੀ ਮਿਲਦੀ ਹੈ ਤਾਂ ਉਹ 9464494180 ਹੈਲਪਲਾਈਨ ਨੰਬਰ 'ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ | ਉਨ੍ਹਾਂ ਭਰੋਸਾ ਦਿਵਾਇਆ ਕਿ ਸ਼ਿਕਾਇਤਕਰਤਾ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ ਅਤੇ ਦੋਸ਼ੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ | ਜੇਕਰ ਸੈਂਪਲ ਠੀਕ ਪਾਇਆ ਗਿਆ ਤਾਂ ਸੰਬੰਧਿਤ ਵਪਾਰੀ ਨੂੰ ਸਰਟੀਫਿਕੇਟ ਵੀ ਜਾਰੀ ਕੀਤਾ ਜਾਵੇਗਾ | ਇਸ ਮੌਕੇ ਕਮਿਸ਼ਨਰ ਫੂਡ ਐਂਡ ਐਡਮਨਿਸਟੇ੍ਰਸ਼ਨ ਸ੍ਰੀਮਤੀ ਕੰਵਲਪ੍ਰੀਤ ਬਰਾੜ, ਐੱਸ.ਡੀ.ਐਮ. ਗੁਰਦੇਵ ਸਿੰਘ ਧੰਮ, ਜੁਆਇੰਟ ਕਮਿਸ਼ਨਰ ਫੂਡ ਡਾ. ਅਮਿਤ ਜੋਸ਼ੀ, ਲੈਬ ਇੰਚਾਰਜ ਰਵਨੀਤ ਕੌਰ, ਡੀ.ਐੱਚ.ਓ. ਡਾ. ਗੁਰਪ੍ਰੀਤ ਕੌਰ, ਫੂਡ ਸੇਫ਼ਟੀ ਅਫ਼ਸਰ ਗੌਰਵ ਕੁਮਾਰ, ਤਰੁਣ ਬਾਂਸਲ, ਲਵਪ੍ਰੀਤ ਸਿੰਘ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਮੌਜੂਦ ਸਨ |