ਪਟਿਆਲਾ, 10 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਰਕਾਰੀ ਮਹਿੰਦਰਾ ਕਾਲਜ ਦੇ 150ਵੇਂ ਸਥਾਪਨਾ ਦਿਵਸ ਸਮਾਗਮਾਂ ਦਿਵਸ ਦੇ ਸਫ਼ਰ-ਏ-ਫ਼ਖਰ ਦੇ ਵਿਦਾਇਗੀ ਸਮਾਰੋਹ ਵਿਚ ਸ਼ਿਰਕਤ ਕਰਦੇ ਹੋਏ ਕਾਲਜ ਦੀ ਸ਼ਾਨਦਾਰ ਵਿਰਾਸਤ ਅਤੇ ਸਿੱਖਿਆ ਦੇ ਖੇਤਰ ਵਿਚ ਇਸ ਦੇ ਇਤਿਹਾਸਕ ਯੋਗਦਾਨ ਦੀ ਪ੍ਰਸੰਸਾ ਕੀਤੀ | ਰਾਜਪਾਲ ਕਟਾਰੀਆ ਨੇ ਇਸ ਦੌਰਾਨ ਨੌਜਵਾਨ ਵਿਦਿਆਰਥੀਆਂ ਨੂੰ ਆਪਣੀ ਸਿੱਖਿਆ ਦੀ ਵਰਤੋਂ ਸਮਾਜ ਦੇ ਸਭ ਤੋਂ ਹੇਠਲੇ ਪੱਧਰ 'ਤੇ ਖੜ੍ਹੇ ਵਿਅਕਤੀ ਦੇ ਹੰਝੂ ਪੂੰਝਣ ਤੇ ਰਾਸ਼ਟਰ ਦੇ ਨਿਰਮਾਣ ਲਈ ਕਰਨ ਦਾ ਸੱਦਾ ਦਿੱਤਾ | ਉਨ੍ਹਾਂ ਨੇ ਨਾਲ ਹੀ ਵਿਦਿਆਰਥੀਆਂ ਨੂੰ ਆਪਣੇ ਇਸ ਇਤਿਹਾਸਕ ਤੇ ਵਿਰਾਸਤੀ ਕਾਲਜ ਨਾਲ ਜੁੜੇ ਰਹਿਣ ਸਮੇਤ ਆਪਣੀ ਬੁੱਧੀ ਅਤੇ ਅਨੁਭਵ ਨਾਲ ਨੌਜਵਾਨ ਪੀੜ੍ਹੀ ਦਾ ਮਾਰਗਦਰਸ਼ਨ ਕਰਨ ਲਈ ਪ੍ਰੇਰਿਤ ਵੀ ਕੀਤਾ | ਉਨ੍ਹਾਂ ਇਸ ਮੌਕੇ ਕਾਲਜ ਦੇ 150 ਸਾਲਾ ਸਥਾਪਨਾ ਦਿਵਸ ਦੇ ਯਾਦਗਾਰੀ ਸਮਾਗਮਾਂ ਸਫ਼ਰ-ਏ-ਫ਼ਖਰ ਦੀ ਯਾਦ ਸਦੀਵੀ ਕਾਇਮ ਕਰਨ ਲਈ ਕਾਲਜ ਵਿਖੇ ਯਾਦਗਾਰੀ ਹਰਬਲ ਗਾਰਡਨ, ਹੈਰੀਟੇਜ ਰੂਮ ਅਤੇ ਵਿੰਟੇਜ ਫੋਟੋ ਗੈਲਰੀ ਦਾ ਉਦਘਾਟਨ ਕੀਤਾ ਅਤੇ ਇਨ੍ਹਾਂ ਦੀ ਸਥਾਪਨਾ ਨੂੰ ਸ਼ਲਾਘਾਯੋਗ ਪਹਿਲਕਦਮੀਆਂ ਦੱਸਿਆ | ਉਨ੍ਹਾਂ ਕਿਹਾ ਕਿ ਇਹ ਯਤਨ ਕਾਲਜ ਦੀ ਅਮੀਰ ਵਿਰਾਸਤ ਨੂੰ ਸੁਰੱਖਿਅਤ ਰੱਖਣ ਅਤੇ ਇਸਨੂੰ ਨਵੀਂ ਪੀੜ੍ਹੀ ਨਾਲ ਜੋੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ | ਉਨ੍ਹਾਂ ਮੈਮੋਰੀਅਲ ਮੈਗਜ਼ੀਨ ਦੇ ਪ੍ਰਕਾਸ਼ਨ ਨੂੰ ਬੌਧਿਕ ਅਤੇ ਸਭਿਆਚਾਰਕ ਵਿਰਾਸਤ ਦਾ ਇਕ ਮਹੱਤਵਪੂਰਨ ਦਸਤਾਵੇਜ਼ ਵੀ ਦੱਸਿਆ | ਰਾਜਪਾਲ ਨੇ ਕਿਹਾ ਕਿ ਸਰਕਾਰੀ ਮਹਿੰਦਰਾ ਕਾਲਜ ਸਿਰਫ ਇਕ ਵਿਦਿਅਕ ਸੰਸਥਾ ਨਹੀਂ ਹੈ, ਸਗੋਂ ਗਿਆਨ, ਚਰਿੱਤਰ ਅਤੇ ਪਰੰਪਰਾ ਦਾ ਇਕ ਪ੍ਰਕਾਸ਼ ਹੈ, ਜਿਸ ਨੇ ਡੇਢ ਸਦੀ ਤੋਂ ਵੱਧ ਸਮੇਂ ਤੋਂ ਪੀੜ੍ਹੀਆਂ ਨੂੰ ਸਿੱਖਿਅਤ ਕੀਤਾ ਹੈ ਅਤੇ ਦੇਸ਼ ਦੇ ਸਮਾਜਿਕ, ਸਭਿਆਚਾਰਕ ਅਤੇ ਬੌਧਿਕ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ | ਸੰਸਥਾ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਰਾਜਪਾਲ ਨੇ ਕਿਹਾ ਕਿ ਕਾਲਜ ਨੂੰ ਭਾਰਤ ਸਰਕਾਰ ਦੁਆਰਾ ਇਕ ਯਾਦਗਾਰੀ ਡਾਕ ਟਿਕਟ ਨਾਲ ਸਨਮਾਨਿਤ ਕੀਤਾ ਗਿਆ ਹੈ, ਅਤੇ ਨੈਕ ਏ ਗ੍ਰੇਡ, ਯੂਜੀਸੀ ਦੇ ''ਕਾਲਜ ਵਿਦ ਪੋਟੈਂਸੀਅਲ ਫਾਰ ਐਕਸੀਲੈਂਸ'' ਅਤੇ ''ਸਟਾਰ ਕਾਲਜ'' ਅਹੁਦੇ ਵਰਗੇ ਮਾਨਤਾਵਾਂ ਇਸਦੀ ਉੱਤਮਤਾ ਦੀ ਪੁਸ਼ਟੀ ਕਰਦੀਆਂ ਹਨ | ਉਨ੍ਹਾਂ ਕਾਲਜ ਪ੍ਰਬੰਧਨ ਨੂੰ ਅਪੀਲ ਕੀਤੀ ਕਿ ਉਹ ਨਵੀਨਤਾ, ਖੋਜ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਹੁਨਰ ਵਿਕਾਸ ਦੇ ਖੇਤਰਾਂ ਵਿਚ ਨਵੇਂ ਮੌਕੇ ਵਿਕਸਤ ਕਰਨ | ਕਾਲਜ ਦੇ ਪਿ੍ੰਸੀਪਲ ਡਾ. ਨਿਸ਼ਠਾ ਤਿ੍ਪਾਠੀ ਨੇ ਰਾਜਪਾਲ ਦਾ ਸਵਾਗਤ ਕਰਦਿਆਂ ਕਾਲਜ ਦੀਆਂ ਪ੍ਰਾਪਤੀਆਂ ਗਿਣਾਈਆਂ | ਕਾਲਜ ਵਲੋਂ ਰਾਜਪਾਲ ਨੂੰ ਵੀ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ | ਇਸ ਮੌਕੇ 21 ਪੁਰਾਣੇ ਅਧਿਆਪਕਾਂ, 4 ਦਰਜਾ ਚਾਰ ਅਤੇ 6 ਦਰਜਾ ਤਿੰਨ ਕਰਮਚਾਰੀਆਂ ਸਮੇਤ 20 ਮੈਰੀਟੋਰੀਅਸ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਵੀਪੀ ਸਿੰਘ, ਉਪ ਕੁਲਪਤੀ ਪ੍ਰੋ. ਜਗਦੀਪ ਸਿੰਘ, ਉਪ-ਕੁਲਪਤੀ ਪ੍ਰੋ ਰਤਨ ਸਿੰਘ, ਏ.ਡੀ.ਸੀ. ਸਿਮਰਪ੍ਰੀਤ ਕੌਰ, ਐਸ.ਡੀ.ਐਮ. ਨਮਨ ਮਾਰਕਨ, ਵਾਈਸ ਪਿ੍ੰਸੀਪਲ ਲਵਲੀਨ ਪਰਮਾਰ ਸਮੇਤ ਕਾਲਜ ਦੇ ਸਾਬਕਾ ਪਿ੍ੰਸੀਪਲ, ਪੁਰਾਣੇ ਤੇ ਮੌਜੂਦਾ ਅਧਿਆਪਕ ਤੇ ਵਿਦਿਆਰਥੀ ਮੌਜੂਦ ਸਨ |