ਬ੍ਰਹਮ ਕੁਮਾਰੀ ਸੰਸਥਾ ਨੇ ‘ਨਸ਼ਾ ਮੁਕਤ ਭਾਰਤ ਮੁਹਿੰਮ’ ਤਹਿਤ ਸਕੂਲ ’ਚ ਕਰਵਾਇਆ ਜਾਗਰੂਕਤਾ ਸੈਮੀਨਾਰ
ਫ਼ਤਹਿਗੜ੍ਹ ਸਾਹਿਬ, 22 ਅਗਸਤ (ਬਲਜਿੰਦਰ ਸਿੰਘ)-ਐਮ. ਜੀ.
ਫ਼ਤਹਿਗੜ੍ਹ ਸਾਹਿਬ, 22 ਅਗਸਤ (ਬਲਜਿੰਦਰ ਸਿੰਘ)-ਐਮ. ਜੀ.ਅਸ਼ੋਕਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਵਿਚ ਬ੍ਰਹਮ ਕੁਮਾਰੀ ਸੰਸਥਾ ਵਲੋਂ ਦੇਸ਼ ਭਰ ਵਿਚ ਚਲਾਈ ਜਾ ਰਹੀ ‘ਨਸ਼ਾ ਮੁਕਤ ਭਾਰਤ ਮੁਹਿੰਮ’ ਤਹਿਤ ਨਸ਼ਾ ਮੁਕਤੀ ਜਾਗਰੂਕਤਾ ਕੈਂਪ ਲਗਾਇਆ। ਇਸ ਮੌਕੇ ਬ੍ਰਹਮ ਕੁਮਾਰੀਆਂ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਭਾਵੇਂ 15 ਅਗਸਤ ਨੂੰ ਭਾਰਤ ਨੇ ਵਿਦੇਸ਼ੀ ਗ਼ੁਲਾਮੀ ਤੋਂ ਆਜ਼ਾਦੀ ਹਾਸਿਲ ਕੀਤੀ ਸੀ, ਪਰ ਅੱਜ ਨਸ਼ਿਆਂ ਦੀ ਦਲਦਲ ਵਿਚ ਫਸ ਕੇ ਦੇਸ਼ ਦੀ ਨੌਜਵਾਨ ਪੀੜ੍ਹੀ ਇਕ ਨਵੀਂ ਗ਼ੁਲਾਮੀ ਵੱਲ ਵਧ ਰਹੀ ਹੈ। ਇਸ ਲਈ ‘ਨਸ਼ਾ ਮੁਕਤ ਭਾਰਤ ਮੁਹਿੰਮ’ ਦਾ ਉਦੇਸ਼ ਭਾਰਤ ਨੂੰ ਨਸ਼ਿਆਂ ਵਰਗੀ ਕੋਹੜ ਦੀ ਬਿਮਾਰੀ ਤੋਂ ਮੁਕਤ ਕਰਕੇ ਇਕ ਸਿਹਤਮੰਦ ਤੇ ਖ਼ੁਸ਼ਹਾਲ ਭਾਰਤ ਦੀ ਸਿਰਜਣਾ ਕਰਨ ਦਾ ਉਪਰਾਲਾ ਹੈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਅੰਜੂ ਕੌੜਾ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨਾਂ ਲਈ ਸਿਰਫ਼ ਸ਼ਰਾਬ, ਤੰਬਾਕੂ ਅਤੇ ਹੋਰ ਨਸ਼ੇ ਹੀ ਚਿੰਤਾ ਦਾ ਵਿਸ਼ਾ ਨਹੀਂ ਹਨ, ਸਗੋਂ ਮੋਬਾਈਲ ਫ਼ੋਨ ਦੀ ਵਰਤੋਂ ਵੀ ਇਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਇਸ ਦਾ ਵਿਦਿਆਰਥੀਆਂ ਦੀ ਪੜ੍ਹਾਈ, ਸਿਹਤ ਅਤੇ ਪਰਿਵਾਰਕ ਸੰਬੰਧਾਂ ’ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਮੋਬਾਈਲ ਫ਼ੋਨ ਦੀ ਲੋੜ ਅਨੁਸਾਰ ਵਰਤੋਂ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ, ਯੋਗਾ, ਪੜ੍ਹਾਈ ਅਤੇ ਹੋਰ ਰਚਨਾਤਮਿਕ ਗਤੀਵਿਧੀਆਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮਾਪਿਆਂ ਤੇ ਅਧਿਆਪਕਾਂ ਨੂੰ ਵੀ ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਨਸ਼ਿਆਂ ਦੇ ਨੁਕਸਾਨ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਬ੍ਰਹਮ ਕੁਮਾਰੀ ਸੰਸਥਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਕੈਂਪ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਚੰਗੀਆਂ ਆਦਤਾਂ ਅਪਣਾਉਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਜਾਂ ਕਿਸੇ ਵੀ ਗ਼ਲਤ ਆਦਤ ਨੂੰ ਪਹਿਲੀ ਵਾਰ ਹੀ ਦ੍ਰਿੜ੍ਹਤਾ ਨਾਲ ਨਾ ਕਹਿਣਾ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਵੱਲ ਇਕ ਮਹੱਤਵਪੂਰਨ ਕਦਮ ਹੈ। ਕੈਂਪ ਦੌਰਾਨ ਵਿਦਿਆਰਥਣਾਂ ਨੂੰ ਦੋਸਤਾਂ ਜਾਂ ਕਿਸੇ ਹੋਰ ਦੇ ਦਬਾਅ ਵਿਚ ਆ ਕੇ ਨਸ਼ਿਆਂ ਦੀ ਸ਼ੁਰੂਆਤ ਨਾ ਕਰਨ ਤੇ ਗ਼ਲਤ ਕੰਮ ਲਈ ਹਮੇਸ਼ਾ ਹਿੰਮਤ ਨਾਲ ਨਾ ਕਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥਣਾਂ ਨੂੰ ਤਣਾਅ ਤੋਂ ਮੁਕਤ ਰਹਿਣ ਤੇ ਮਨ ਨੂੰ ਸ਼ਾਂਤ ਰੱਖਣ ਲਈ ਮੈਡੀਟੇਸ਼ਨ ਵੀ ਕਰਵਾਇਆ। ਬ੍ਰਹਮ ਕੁਮਾਰੀਆਂ ਨੇ ਵਿਦਿਆਰਥਣਾਂ ਨੂੰ ਜੀਵਨ ਵਿਚ ਕਦੇ ਵੀ ਨਸ਼ਾ ਨਾ ਕਰਨ ਅਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ ਦੀ ਸਹੁੰ ਚੁਕਾਈ।