25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਹਲਕਾ ਫ਼ਤਹਿਗੜ੍ਹ ਸਾਹਿਬ 'ਚ 'ਆਪ' ਨੂੰ ਵੱਡਾ ਝਟਕਾ, ਦੋ ਸੀਨੀਅਰ ਆਗੂਆਂ ਨੇ ਦਿੱਤੇ ਅਸਤੀਫ਼ੇ

Ad Position 21
No active advertisement
ਅਜੀਤ ਡੈਸਕ 18-04-2026
ਫ਼ਤਹਿਗੜ੍ਹ ਸਾਹਿਬ, 17 ਅਪ੍ਰੈਲ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੇ ਦੋ ਸੀਨੀਅਰ ਅਤੇ ਪੁਰਾਣੇ ਆਗੂਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ | ਅਸਤੀਫ਼ੇ ਦੇਣ ਵਾਲਿਆਂ ਵਿਚ ਐਡਵੋਕੇਟ ਗੁਰਪ੍ਰੀਤ ਸਿੰਘ ਕੈੜੇ ਜ਼ਿਲ੍ਹਾ ਜੁਆਇੰਟ ਸੈਕਟਰੀ ਲੀਗਲ ਸੈੱਲ ਤੇ ਬਲਾਕ ਪ੍ਰਧਾਨ ਸਰਹਿੰਦ ਅਤੇ ਰਣਦੀਪ ਸਿੰਘ ਸੋਢੀ ਜ਼ਿਲ੍ਹਾ ਜੁਆਇੰਟ ਸਕੱਤਰ ਟਰੇਡ ਵਿੰਗ ਸ਼ਾਮਲ ਹਨ | ਮੀਡੀਆ ਨਾਲ ਗੱਲਬਾਤ ਕਰਦਿਆਂ ਦੋਵੇਂ ਆਗੂਆਂ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਪਾਰਟੀ ਵਿਚ ਰਹਿ ਕੇ ਲੋਕਾਂ ਦੇ ਜਾਇਜ਼ ਕੰਮ ਨਾ ਹੋਣ ਕਾਰਨ ਬੇਹੱਦ ਨਿਰਾਸ਼ ਹਨ | ਉਨ੍ਹਾਂ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਜਨਤਾ ਦੀਆਂ ਮੁਸ਼ਕਿਲਾਂ ਨੂੰ ਪਾਰਟੀ ਅੱਗੇ ਰੱਖ ਰਹੇ ਸਨ, ਪਰ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਕੋਈ ਸੁਣਵਾਈ ਨਹੀਂ ਹੋ ਰਹੀ | ਉਨ੍ਹਾਂ ਨੇ ਇਕ ਹਫ਼ਤਾ ਪਹਿਲਾਂ ਪਾਰਟੀ ਹਾਈਕਮਾਂਡ ਨੂੰ ਆਪਣੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ ਸੀ ਅਤੇ ਪਾਰਟੀ ਹਾਈਕਮਾਂਡ ਨੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ ਸੀ, ਪਰ ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਸਥਿਤੀ ਜਿਉਂ ਦੀ ਤਿਉਂ ਰਹੀ | ਜਿਸ ਕਰਕੇ ਅੱਜ ਉਨ੍ਹਾਂ ਨਿਰਾਸ਼ ਹੋ ਕੇ ਆਪਣੇ ਅਸਤੀਫ਼ੇ ਜ਼ਿਲ੍ਹਾ ਪ੍ਰਧਾਨ ਅਜੇ ਸਿੰਘ ਲਿਬੜਾ ਨੂੰ ਵਟਸਐਪ ਰਾਹੀਂ ਭੇਜ ਦਿੱਤੇ ਹਨ | ਉਨ੍ਹਾਂ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਹਰ ਛੋਟੀ-ਵੱਡੀ ਚੋਣ ਅਤੇ ਜ਼ਿਮਨੀ ਚੋਣਾਂ ਵਿਚ ਉਨ੍ਹਾਂ ਨੇ ਦਿਨ-ਰਾਤ ਇੱਕ ਕਰਕੇ ਪਾਰਟੀ ਦਾ ਸਾਥ ਦਿੱਤਾ, ਪਰ ਬਦਲੇ ਵਿਚ ਪਾਰਟੀ ਨੇ ਵਰਕਰਾਂ ਦੀ ਸਾਰ ਨਹੀਂ ਲਈ | ਜਦੋਂਕਿ ਪਾਰਟੀ ਵਲੰਟੀਅਰ ਹੀ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਹਨ | ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਅਹੁਦਿਆਂ 'ਤੇ ਰਹਿ ਕੇ ਉਹ ਲੋਕਾਂ ਦੀ ਸੇਵਾ ਨਹੀਂ ਕਰ ਸਕਦੇ ਤਾਂ ਅਜਿਹੇ ਅਹੁਦਿਆਂ 'ਤੇ ਬਣੇ ਰਹਿਣ ਦਾ ਕੋਈ ਫ਼ਾਇਦਾ ਨਹੀਂ ਹੈ | ਇਸ ਮੌਕੇ ਰਣਦੀਪ ਸਿੰਘ ਸੋਢੀ ਨੇ ਕਿਹਾ ਕਿ ਉਹ ਸਾਲ 2013 ਤੋਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਸਨ ਜਦੋਂ ਕਿ ਐਡਵੋਕੇਟ ਗੁਰਪ੍ਰੀਤ ਸਿੰਘ ਕੈੜੇ ਸਾਲ 2016 ਨਾਲ ਪਾਰਟੀ ਨਾਲ ਜੁੜੇ ਸਨ ਅਤੇ 2021 ਵਿਚ ਉਨ੍ਹਾਂ ਦੀ ਧਰਮ ਪਤਨੀ ਨੇ ਨਗਰ ਕੌਂਸਲ ਚੋਣ ਵੀ ਲੜੀ ਸੀ | ਇਹ ਪੱਛਣ 'ਤੇ ਕਿ ਕੀ ਉਹ ਕਿਸੇ ਹੋਰ ਰਾਜਨੀਤਕ ਪਾਰਟੀ ਵਿਚ ਸ਼ਾਮਿਲ ਹੋਣਗੇ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਜਿਹਾ ਕੋਈ ਵਿਚਾਰ ਨਹੀਂ |
Ad Position 22
No active advertisement
ਪਿਛਲੀ ਖ਼ਬਰ ਬੱਸ ਹਾਦਸੇ 'ਚ ਜ਼ਖ਼ਮੀ ਮਹਿਲਾ ਸ਼ਰਧਾਲੂ ਨੇ ਦਮ ਤੋੜਿਆ, ਮਿ੍ਤਕਾਂ ਦੀ ਗਿਣਤੀ 9 ਹੋਈ ਅਗਲੀ ਖ਼ਬਰ ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੀ ਚੋਣ ਕਮੇਟੀ ਵਲੋਂ ਚੋਣਾਂ ਦਾ ਐਲਾਨ
Ad Position 24