ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਬਲਜਿੰਦਰ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ਦੇ ਹੈਕਾਥੋਨ 'ਭਾਰਤ ਟੈੱਕ ਐਕਸਪੀਰੀਐਂਸ 3-0 ਵਿਚ ਪਹਿਲਾ ਸਥਾਨ ਹਾਸਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ | ਇਹ ਮੁਕਾਬਲਾ ਐਸ.ਵੀ.ਆਈ.ਈ.ਟੀ. ਪੰਜਾਬ ਵਿਚ ਆਯੋਜਿਤ ਕੀਤਾ ਗਿਆ | ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ ਵਲੋਂ ਰਣਬੀਰ ਸਿੰਘ, ਹਰਮਨਦੀਪ ਕੌਰ, ਅਮਿਤਾਭ ਬਾਤਿਸ਼ ਅਤੇ ਉਰਵਸ਼ੀ (ਟੀਮ 0-1) ਨੇ ਇਸ ਇਵੈਂਟ ਵਿਚ ਭਾਗ ਲਿਆ ਅਤੇ ਦੇਸ਼ ਭਰ ਤੋਂ ਆਈਆਂ 400 ਤੋਂ ਵੱਧ ਟੀਮਾਂ ਨਾਲ ਮੁਕਾਬਲਾ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ | ਟੀਮ ਵਲੋਂ ਏ.ਆਈ.ਆਧਾਰਿਤ 'ਸੈਲਫ-ਇਵੌਲਵਿੰਗ ਵੈੱਬ ਪਲੇਟਫ਼ਾਰਮ' ਨੂੰ ਸਮਾਰੋਹ ਦੌਰਾਨ ਪੇਸ਼ ਕੀਤਾ ਗਿਆ | ਇਹ ਸਮਾਰਟ ਸਿਸਟਮ ਯੂਜ਼ਰ ਦੇ ਵਿਹਾਰ ਨੂੰ ਸਮਝ ਕੇ ਵੈੱਬਸਾਈਟ ਦੀ ਕਾਰਗੁਜ਼ਾਰੀ, ਡਿਜ਼ਾਈਨ ਅਤੇ ਸਮੱਗਰੀ ਨੂੰ ਆਪਣੇ ਆਪ ਸੁਧਾਰਦਾ ਹੈ, ਜਿਸ ਨਾਲ ਯੂਜ਼ਰ ਨੂੰ ਹੋਰ ਬਿਹਤਰ ਅਨੁਭਵ ਪ੍ਰਾਪਤ ਹੁੰਦਾ ਹੈ | ਇਸ ਉਪਲੱਬਧੀ ਲਈ ਟੀਮ ਨੂੰ ਇਕ ਲੱਖ ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਕਾਲਜ ਦੀ ਇਕ ਹੋਰ ਟੀਮ ਸਕੂਐਡ 404 ਨੇ ਵੀ ਆਪਣੇ ਨਵੀਨਤਮ ਵਿਚਾਰਾਂ, ਤਕਨੀਕੀ ਕੁਸ਼ਲਤਾ ਅਤੇ ਟੀਮ ਵਰਕ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੁਕਾਬਲੇ ਵਿਚ ਖ਼ਾਸ ਛਾਪ ਛੱਡੀ | ਇਸ ਟੀਮ ਨੇ ਸਖ਼ਤ ਟੱਕਰ ਦੇ ਬਾਵਜੂਦ ਦੇਸ਼ ਭਰ ਤੋਂ ਆਈਆਂ ਸੈਂਕੜਿਆਂ ਟੀਮਾਂ 'ਚੋਂ ਉੱਭਰਦਿਆਂ ਆਪਣੀ ਜਗ੍ਹਾ ਸਿਰਮੌਰ 25 ਟੀਮਾਂ ਵਿਚ ਬਣਾਈ, ਜੋ ਕਾਲਜ ਲਈ ਮਾਣ ਦੀ ਗੱਲ ਹੈ | ਇਸ ਮੌਕੇ ਪਿ੍ੰਸੀਪਲ ਡਾ. ਲਖਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕਾਮਯਾਬੀ ਵਿਦਿਆਰਥੀਆਂ ਦੀ ਲਗਨ, ਨਵੀਂ ਸੋਚ ਅਤੇ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਸੰਸਥਾ ਹਮੇਸ਼ਾ ਵਿਦਿਆਰਥੀਆਂ ਨੂੰ ਨਵੀਨਤਾ ਤੇ ਤਕਨੀਕੀ ਕੁਸ਼ਲਤਾਵਾਂ ਵੱਲ ਪ੍ਰੇਰਿਤ ਕਰਦੀ ਰਹੇਗੀ ਤਾਂ ਜੋ ਉਹ ਸੰਸਾਰ ਪੱਧਰ 'ਤੇ ਆਪਣੀ ਪਛਾਣ ਬਣਾਉਣ ਵਿਚ ਸਫਲ ਹੋਣ | ਕੰਪਿਊਟਰ ਸਾਇੰਸ ਤੇ ਇੰਜੀ. ਵਿਭਾਗ ਦੇ ਮੁਖੀ ਡਾ. ਜਤਿੰਦਰ ਸਿੰਘ ਸੈਣੀ ਨੇ ਟੀਮਾਂ ਦੀ ਮਿਹਨਤ ਦੀ ਸਰਾਹਨਾ ਕੀਤੀ |