ਫ਼ਤਹਿਗੜ੍ਹ ਸਾਹਿਬ, 19 ਅਪ੍ਰੈਲ (ਬਲਜਿੰਦਰ ਸਿੰਘ)-ਐਨ.ਐਸ.ਯੂ.ਆਈ ਦੇ ਪੰਜਾਬ ਪ੍ਰਧਾਨ ਤੇ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਮਜ਼ਬੂਤ ਦਾਅਵੇਦਾਰ ਇਸ਼ਰਪ੍ਰੀਤ ਸਿੱਧੂ ਵਲੋਂ ਪਾਰਟੀ ਤੋਂ ਨਾਰਾਜ਼ ਚੱਲ ਰਹੇ ਟਕਸਾਲੀ ਆਗੂਆਂ ਤੇ ਵਰਕਰਾਂ ਨੂੰ ਮੁੜ ਪਾਰਟੀ ਦੀ ਮੁੱਖ ਧਾਰਾ ਵਿਚ ਲਿਆਉਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਪਿੰਡ ਦਾਦੂਮਾਜਰਾ ਵਿਖੇ ਇਕ ਵਿਸ਼ਾਲ ਜਨਤਕ ਮੀਟਿੰਗ ਕੀਤੀ ਗਈ | ਇਸ ਮੀਟਿੰਗ ਦੌਰਾਨ ਵੱਡੀ ਗਿਣਤੀ ਵਿਚ ਪਹੁੰਚੇ ਇਲਾਕਾ ਨਿਵਾਸੀਆਂ ਨੇ ਇਸ਼ਰਪ੍ਰੀਤ ਸਿੱਧੂ ਦਾ ਡਟ ਕੇ ਸਮਰਥਨ ਕੀਤਾ | ਮੀਟਿੰਗ ਦੌਰਾਨ ਸ. ਸਿੱਧੂ ਨੇ ਵਿਰੋਧੀ ਸਿਆਸਤਦਾਨਾਂ 'ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਲੋਕ ਬਹੁਤ ਸੂਝਵਾਨ ਹਨ, ਪਰ ਅਫਸੋਸ ਦੀ ਗੱਲ ਹੈ, ਕਿ ਕੁਝ ਆਗੂ ਚੋਣਾਂ ਹਾਰ ਜਾਣ ਤੋਂ ਬਾਅਦ ਜਨਤਾ ਨੂੰ ਹੀ ਮਾੜਾ ਕਹਿਣਾ ਸ਼ੁਰੂ ਕਰ ਦਿੰਦੇ ਹਨ | ਉਨ੍ਹਾਂ ਕਿਹਾ ਕਿ ਲੋਕ ਕਦੇ ਮਾੜੇ ਨਹੀਂ ਹੁੰਦੇ, ਸਗੋਂ ਉਹ ਲੀਡਰ ਮਾੜੇ ਹਨ, ਜੋ ਚੋਣਾਂ ਤੋਂ ਬਾਅਦ ਲੋਕਾਂ ਦੀ ਸਾਰ ਨਹੀਂ ਲੈਂਦੇ ਅਤੇ ਆਪਣੀ ਨਾਕਾਮੀ ਦਾ ਭਾਂਡਾ ਲੋਕਾਂ ਸਿਰ ਭੰਨਦੇ ਹਨ | ਭਾਵੁਕ ਹੁੰਦਿਆਂ ਇਸ਼ਰਪ੍ਰੀਤ ਸਿੱਧੂ ਨੇ ਕਿਹਾ ਕਿ ਉਹ ਸਿਰਫ਼ ਲੋਕਾਂ ਦੀ ਸੇਵਾ ਦੇ ਮਨੋਰਥ ਨਾਲ ਮੈਦਾਨ ਵਿਚ ਨਿੱਤਰੇ ਹਨ | ਉਨ੍ਹਾਂ ਦਾ ਮਕਸਦ ਸਿਆਸੀ ਤਾਕਤ ਪ੍ਰਾਪਤ ਕਰਨਾ ਨਹੀਂ ਸਗੋਂ ਲੋਕਾਂ ਦੀ ਸੇਵਾ ਕਰਨਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਸਾਡਾ ਸਾਥ ਦੇਣ ਤਾਂ ਅਸੀਂ ਆਪਣੇ ਸਮਰਥਕਾਂ ਦੀ ਮਿਹਨਤ ਨਾਲ ਚੋਣ ਜਿੱਤ ਕੇ ਹਲਕੇ ਦੇ ਲੋਕਾਂ ਦੀ ਸੇਵਾ ਕਰਨਗੇ | ਇਸ ਮੌਕੇ ਪਿੰਡ ਵਾਸੀਆਂ ਨੇ ਹੱਥ ਖੜ੍ਹੇ ਕਰਕੇ ਇਸ਼ਰਪ੍ਰੀਤ ਸਿੱਧੂ ਨੂੰ ਸਮਰਥਨ ਦਿੱਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਹਰ ਮੋੜ 'ਤੇ ਉਨ੍ਹਾਂ ਦੇ ਨਾਲ ਖੜੇ ਹਨ | ਪਿੰਡ ਵਾਸੀਆਂ ਵਲੋਂ ਇਸ਼ਰਪ੍ਰੀਤ ਸਿੱਧੂ ਦਾ ਸਨਮਾਨ ਕਰਕੇ ਪੂਰਨ ਹਮਾਇਤ ਦੇਣ ਦਾ ਭਰੋਸਾ ਦਿਵਾਇਆ | ਇਸ ਮੌਕੇ 'ਤੇ ਸੀਨੀਅਰ ਕਾਂਗਰਸੀ ਆਗੂ ਬਲਵਿੰਦਰ ਸਿੰਘ ਮਾਵੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਦੇ ਆਗੂ ਤੇ ਵਰਕਰ ਵੀ ਹਾਜ਼ਰ ਸਨ |