ਅੰਮ੍ਰਿਤਸਰ, 5 ਅਕਤੂਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ 'ਗੁਰਦੁਆਰਾ ਸੁਧਾਰ ਲਹਿਰ ਭਾਗ 2' ਬਾਰੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਹਾਕਮ ਧਿਰਾਂ ਜਾਂ ਸਰਕਾਰਾਂ ਨੇ ਹਮੇਸ਼ਾ ਤੋਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਕੌਮ ਦੀ ਸ਼ਕਤੀ ਨੂੰ ਬਰਦਾਸ਼ਤ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਦਿੱਲੀ ਦੀਆਂ ਸਰਕਾਰਾਂ ਅਜਿਹੀਆਂ ਚਾਲਾਂ ਚੱਲਦੀਆਂ ਆਈਆਂ ਹਨ ਅਤੇ ਅੱਜ ਵੀ ਦਿੱਲੀ ਤੇ ਚੰਡੀਗੜ੍ਹ 'ਚ ਬੈਠੀਆਂ ਸਰਕਾਰਾਂ ਸਿੱਖ ਧਰਮ ਤੇ ਕੌਮ ਨੂੰ ਆਰਥਿਕ ਅਤੇ ਸਿਆਸੀ ਤੌਰ 'ਤੇ ਕਮਜ਼ੋਰ ਕਰਨ ਦੇ ਹਰਬੇ ਵਰਤ ਰਹੀਆਂ ਹਨ। ਪਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਪੰਥ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇਗਾ।
ਅਕਾਲੀ ਆਗੂਆਂ 'ਤੇ ਲੱਗ ਰਹੇ ਇਲਜ਼ਾਮਾਂ ਬਾਰੇ ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਏ.ਆਈ. ਦਾ ਅਜਿਹਾ ਦੌਰ ਆ ਗਿਆ ਹੈ ਜਿੱਥੇ ਕਿਸੇ ਦੀ ਵੀ ਤਸਵੀਰ ਜਾਂ ਵਿਰੋਧੀ ਸਮੱਗਰੀ ਤਿਆਰ ਕਰਕੇ ਉਸਨੂੰ ਬਦਨਾਮ ਕੀਤਾ ਜਾ ਸਕਦਾ ਹੈ ਕਿਉਂਕਿ ਕਾਨੂੰਨ ਸਖ਼ਤ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਜਾਂਚ ਮੁਕੰਮਲ ਨਹੀਂ ਹੁੰਦੀ, ਉਹ ਕਿਸੇ ਇਲਜ਼ਾਮ ਨੂੰ ਸੱਚ ਜਾਂ ਝੂਠ ਨਹੀਂ ਮੰਨਦੇ। ਉਨ੍ਹਾਂ ਮੌਜੂਦਾ ਪੰਜਾਬ ਸਰਕਾਰ ਨੂੰ ਦਿੱਲੀ ਦੀ ਗੁਲਾਮ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਖ਼ਜ਼ਾਨੇ ਨੂੰ ਕਥਿੱਤ ਤੌਰ 'ਤੇ ਦੋਹਾਂ ਹੱਥਾਂ ਨਾਲ ਲੁੱਟ ਰਹੀ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਗੁਲਾਮੀ ਅਤੇ ਲੁੱਟ ਖ਼ਿਲਾਫ਼ ਜਾਗਰੂਕ ਹੋਣ ਅਤੇ ਪੰਥਕ ਸ਼ਕਤੀ ਨੂੰ ਬਹਾਲ ਕਰਨ ਲਈ ਸਿਆਣਪ ਤੋਂ ਕੰਮ ਲੈਣ।
ਤਾਜ਼ਾ ਖ਼ਬਰਾਂ
Free
ਸਰਕਾਰਾਂ ਸਿੱਖ ਧਰਮ ਤੇ ਕੌਮ ਨੂੰ ਆਰਥਿਕ ਅਤੇ ਸਿਆਸੀ ਤੌਰ 'ਤੇ ਕਮਜ਼ੋਰ ਕਰਨ ਦੇ ਹਰਬੇ ਵਰਤ ਰਹੀਆਂ - ਬਲਵਿੰਦਰ ਸਿੰਘ ਭੂੰਦੜ
ਅੰਮ੍ਰਿਤਸਰ, 5 ਅਕਤੂਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ...
ਅਜੀਤ ਡੈਸਕ
05-10-2026