ਜਖਵਾਲੀ, 21 ਅਪ੍ਰੈਲ (ਨਿਰਭੈ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗਤਪੁਰ ਸੋਢੀਆਂ ਵਿਖੇ ਤਿੰਨ ਰੋਜ਼ਾ ਪਾਣੀ ਦੀ ਬੱਚਤ ਅਤੇ ਜਲ ਸੰਭਾਲ ਮਹੱਤਤਾ ਬਾਰੇ ਜਾਗਰੂਕਤਾ ਕੈਂਪ ਲਗਾਇਆ ਗਿਆ | ਪ੍ਰੋਗਰਾਮ ਦਾ ਮੁੱਖ ਉਦੇਸ਼ ਨਵੀਂ ਪੀੜੀ ਨੂੰ ਡਿਗਦੇ ਪਾਣੀ ਦੇ ਪੱਧਰ ਪ੍ਰਤੀ ਸੁਚੇਤ ਕਰਨਾ ਅਤੇ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਪ੍ਰਤੀ ਪ੍ਰੇਰਿਤ ਕਰਨਾ ਸੀ | ਜਲ ਦੀ ਸੰਭਾਲ ਦੇ ਲਈ ਸਵੇਰ ਦੀ ਸਭਾ ਵਿਚ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਪਾਣੀ ਨੂੰ ਬਚਾਉਣ ਦੀ ਸਹੁੰ ਚੁੱਕੀ ਗਈ | ਇਸੇ ਕੈਂਪ ਦੇ ਦੌਰਾਨ ਵਿਦਿਆਰਥੀਆਂ ਨੇ ਆਧੁਨਿਕ ਤਕਨੀਕ ਦੀ ਵਰਤੋਂ ਕਰਦੇ ਹੋਏ ਕੰਪਿਊਟਰ ਲੈਬ ਵਿਚ ਆਕਰਸ਼ਿਤ ਇਲੈਕਟਿ੍ਕ ਬੈਨਰ ਅਤੇ ਡਿਜੀਟਲ ਪੋਸਟਰ ਤਿਆਰ ਕੀਤੇ | ਜਿਸ ਨਾਲ ਪਾਣੀ ਦੀ ਸੰਭਾਲ ਦਾ ਸੁਨੇਹਾ ਦਿੱਤਾ ਜਾ ਸਕੇ | ਅਧਿਆਪਕਾਂ ਵਲੋਂ ਸੈਮੀਨਾਰ ਦੇ ਜਰੀਏ ਵਿਦਿਆਰਥੀਆਂ ਨੂੰ ਪਾਣੀ ਦੀ ਸੰਭਾਲ ਦੇ ਤਰੀਕੇ ਦੱਸੇ ਗਏ | ਇਸ ਮੌਕੇ ਅਧਿਆਪਕਾ ਇਕਬਾਲ ਕੌਰ ਨੇ ਕਿਹਾ ਕਿ ਪਾਣੀ ਕੁਦਰਤ ਦੀ ਅਨਮੋਲ ਦੇਣ ਹੈ, ਜੇਕਰ ਅਸੀਂ ਅੱਜ ਇਸ ਦੀ ਸੰਭਾਲ ਨਾ ਕੀਤੀ ਤਾਂ ਆਉਣ ਵਾਲਾ ਭਵਿੱਖ ਸੰਕਟ ਵਿਚ ਪੈ ਸਕਦਾ ਹੈ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਦੇ ਵਿਚ ਵਿਦਿਆਰਥੀ ਹਾਜ਼ਰ ਸਨ | ਇਸ ਉਪਰਾਲੇ ਦੀ ਇਲਾਕਾ ਨਿਵਾਸੀਆਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ |