ਖਮਾਣੋਂ, 23 ਅਪ੍ਰੈਲ (ਮਨਮੋਹਣ ਸਿੰਘ ਕਲੇਰ)-ਪ੍ਰਵੀਨ ਰਾਣਾ ਪ੍ਰਧਾਨ ਮਹਿਲਾ ਕਾਂਗਰਸ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੇ ਔਰਤਾਂ ਦੇ ਰਾਖਵੇਂਕਰਨ ਦੇ ਮੁੱਦੇ ਭਾਜਪਾ ਦੀ ਨੀਅਤ 'ਤੇ ਸਵਾਲ ਕਰਦਿਆਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਸਿਰਫ਼ ਚੋਣ ਲਾਭ ਲੈਣ ਲਈ ਔਰਤਾਂ ਦੇ ਹਿੱਤਾਂ ਦੀ ਗੱਲ ਕਰਦੀ ਹੈ | ਜਦੋਂਕਿ ਹਕੀਕਤ ਵਿਚ ਉਹ ਔਰਤ ਸਸ਼ਕਤੀਕਰਨ ਪ੍ਰਤੀ ਗੰਭੀਰ ਨਹੀਂ ਹੈ | ਰਾਣਾ ਨੇ ਕਿਹਾ ਕਿ ਭਾਜਪਾ ਨੇ ਰਾਖਵੇਂਕਰਨ ਬਿੱਲ ਪਾਸ ਕਰਨ ਦਾ ਢੰਡੋਰਾ ਤਾਂ ਪਿੱਟਿਆ, ਪਰ ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਮਰਦਮਸ਼ੁਮਾਰੀ ਵਰਗੀਆਂ ਗੁੰਝਲਾਂ ਵਿਚ ਉਲਝਾ ਦਿੱਤਾ ਹੈ | ਜੋ ਦੇਸ਼ ਦੀਆਂ ਔਰਤਾਂ ਨਾਲ ਵੱਡਾ ਧੋਖਾ ਹੈ | ਰਾਣਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਔਰਤ ਨੂੰ ਹਮੇਸ਼ਾ ਰਾਜਨੀਤੀ ਵਿਚ ਬਰਾਬਰ ਦਾ ਹੱਕ ਦੇਣ ਦੀ ਵਕਾਲਤ ਕੀਤੀ ਹੈ | ਉਨ੍ਹਾਂ ਨੇ ਪੰਜਾਬ ਦੀ ਉਦਾਹਰਨ ਦਿੰਦਿਆ ਕਿਹਾ ਪੰਜਾਬ ਵਿਚ ਕਾਂਗਰਸ ਸਰਕਾਰ ਵੇਲੇ ਨਗਰ ਕੌਂਸਲਾਂ ਨਗਰ ਨਿਗਮ ਅਤੇ ਪੰਚਾਇਤੀ ਰਾਜ ਚੋਣਾਂ ਵਿਚ ਔਰਤਾਂ ਨੂੰ 33 ਪ੍ਰਤੀਸ਼ਤ ਰਾਖਵੇਂਕਰਨ ਦੇ ਕੇ ਜ਼ਮੀਨੀ ਪੱਧਰ 'ਤੇ ਲੀਡਰਸ਼ਿਪ ਸੌਂਪ ਕੇ ਮਜ਼ਬੂਤ ਕੀਤਾ ਜਾ ਰਿਹਾ ਹੈ | ਰਾਣਾ ਨੇ ਕਿਹਾ ਕਿ ਜਦੋਂ ਕਾਂਗਰਸ ਨੇ ਪੰਚਾਇਤੀ ਸੰਸਥਾਵਾਂ ਵਿਚ ਰਾਖਵਾਂਕਰਨ ਬਿਨਾਂ ਦੇਰੀ ਲਾਗੂ ਕਰ ਦਿੱਤਾ ਸੀ ਤਾਂ ਕੇਂਦਰ ਦੀ ਭਾਜਪਾ ਸਰਕਾਰ ਸ਼ਰਤਾਂ ਤੋਂ ਕਿਉਂ ਪਿੱਛੇ ਹੱਟ ਰਹੀ ਹੈ? ਰਾਣਾ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਬਿੱਲ ਨੂੰ ਤੁਰੰਤ ਪਾਸ ਕਰਕੇ ਔਰਤਾਂ ਨੂੰ ਸਰਕਾਰਾਂ ਵਿਚ ਬਰਾਬਰ ਦੀ ਹਿੱਸੇਦਾਰ ਬਣਾਵੇ |