ਜ਼ਿਲ੍ਹੇ ਦੇ ਬਹਾਦਰ ਬੱਚਿਆਂ ਤੇ ਯੁਵਕਾਂ ਨੂੰ ਬਹਾਦਰੀ ਪੁਰਸਕਾਰ ਦੇਣ ਲਈ 5 ਅਕਤੂਬਰ ਤੱਕ ਦਿੱਤੀਆਂ ਜਾ ਸਕਦੀਆਂ ਹਨ ਅਰਜ਼ੀਆਂ
ਅਜੀਤ ਡੈਸਕ
25-04-2026
ਫ਼ਤਹਿਗੜ੍ਹ ਸਾਹਿਬ, 24 ਅਪ੍ਰੈਲ (ਬਲਜਿੰਦਰ ਸਿੰਘ)-ਭਾਰਤੀ ਕਾਉਂਸਿਲ ਫ਼ਾਰ ਚਾਈਲਡ ਵੈੱਲਫੇਅਰ ਵਲੋਂ 'ਬਹਾਦਰੀ ਐਵਾਰਡ ਬੱਚਿਆਂ ਤੇ ਯੁਵਕਾਂ ਲਈ-2026' ਲਈ ਯੋਗ ਬੱਚਿਆਂ ਅਤੇ ਯੁਵਕਾਂ ਦੀਆਂ ਨਾਮਜ਼ਦਗੀਆਂ 5 ਅਕਤੂਬਰ ਤੱਕ ਦਿੱਤੀਆਂ ਜਾ ਸਕਦੀਆਂ ਹਨ | ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਜ਼ਿਲ੍ਹੇ ਨਾਲ ਸਬੰਧਿਤ ਅਰਜ਼ੀਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿੱਤ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵਿਖੇ ਜਮ੍ਹਾਂ ਕਰਵਾਈਆਂ ਜਾਣ | ਉਨ੍ਹਾਂ ਦੱਸਿਆ ਕਿ 6 ਤੋਂ 18 ਸਾਲ ਤੱਕ ਦੀ ਉਮਰ ਦੇ ਬੱਚੇ (ਚਾਈਲਡ ਐਵਾਰਡ) ਅਤੇ 18 ਤੋਂ 24 ਸਾਲ ਦੇ ਯੁਵਕ (ਯੁਵਕ ਐਵਾਰਡ) ਲਈ ਯੋਗ ਹਨ | ਇਹ ਐਵਾਰਡ ਉਨ੍ਹਾਂ ਬੱਚਿਆਂ ਅਤੇ ਯੁਵਕਾਂ ਨੂੰ ਦਿੱਤੇ ਜਾਂਦੇ ਹਨ, ਜਿਨ੍ਹਾਂ ਨੇ ਕਿਸੇ ਵੀ ਖ਼ਤਰਨਾਕ ਸਥਿਤੀ ਵਿਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਹੋਰਨਾਂ ਦੀ ਮਦਦ ਕੀਤੀ ਹੋਵੇ ਜਾਂ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਹਿੰਮਤ ਅਤੇ ਬਹਾਦਰੀ ਨਾਲ ਡੱਟ ਕੇ ਖੜ੍ਹੇ ਹੋਏ ਹੋਣ | ਉਨ੍ਹਾਂ ਦੱਸਿਆ ਕਿ ਉਹ ਮਾਮਲੇ ਜਿੱਥੇ ਕਿਸੇ ਬੱਚੇ ਨੇ ਡੁੱਬਣ ਤੋਂ ਕਿਸੇ ਦੀ ਜਾਨ ਬਚਾਈ ਹੋਵੇ, ਜੰਗਲੀ ਜਾਨਵਰਾਂ ਦੇ ਹਮਲੇ ਤੋਂ ਰੱਖਿਆ ਕੀਤੀ ਹੋਵੇ ਜਾਂ ਕਿਸੇ ਹੋਰ ਖ਼ਤਰਨਾਕ ਹਾਲਾਤ ਵਿਚ ਬੇਮਿਸਾਲ ਹਿੰਮਤ ਦਿਖਾਈ ਹੋਵੇ, ਉਨ੍ਹਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਜਿਹੜੀਆਂ ਘਟਨਾਵਾਂ 1 ਜੁਲਾਈ 2025 ਤੋਂ 30 ਸਤੰਬਰ 2026 ਦੇ ਦਰਮਿਆਨ ਵਾਪਰੀਆਂ ਹੋਣ, ਉਨ੍ਹਾਂ ਲਈ ਹੀ ਅਰਜ਼ੀਆਂ ਨੂੰ ਵਿਚਾਰਿਆ ਜਾਣਾ ਹੈ | ਹਰ ਅਰਜ਼ੀ ਨਾਲ 'ਆਨ ਦੀ ਸਪੋਟ ਵੈਰੀਫੀਕੇਸਨ' ਰਿਪੋਰਟ ਲਗਾਉਣੀ ਜ਼ਰੂਰੀ ਹੈ ਅਤੇ ਸਾਰੇ ਦਸਤਾਵੇਜ਼ ਸਬੰਧਿਤ ਅਧਿਕਾਰੀਆਂ ਵਲੋਂ ਪ੍ਰਮਾਣਿਤ ਹੋਣੇ ਚਾਹੀਦੇ ਹਨ | ਅਖ਼ਬਾਰਾਂ ਜਾਂ ਮੈਗਜ਼ੀਨਾਂ ਦੀਆਂ ਕਲੀਪਿੰਗਜ਼ ਵੀ ਅਰਜ਼ੀ ਨਾਲ ਲਗਾਈਆਂ ਜਾਣ | ਮਹਿਮੀ ਨੇ ਸਮੂਹ ਸਕੂਲਾਂ, ਕਾਲਜਾਂ, ਪੰਚਾਇਤਾਂ, ਸਮਾਜਿਕ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਦੇ ਬਹਾਦਰ ਬੱਚਿਆਂ ਅਤੇ ਯੁਵਕਾਂ ਦੀਆਂ ਨਾਮਜ਼ਦਗੀਆਂ ਭੇਜ ਕੇ ਉਨ੍ਹਾਂ ਨੂੰ ਰਾਸ਼ਟਰੀ ਪੱਧਰ 'ਤੇ ਮਾਣ ਮਿਲਣ ਦਾ ਮੌਕਾ ਦਿੱਤਾ ਜਾਵੇ |