ਮੋਰਿੰਡਾ-ਚੁੰਨੀ ਮਾਰਗ 'ਤੇ ਫਿਰ ਵਾਪਰਿਆ ਭਿਆਨਕ ਬੱਸ ਹਾਦਸਾ ਕਈ ਕਰਮਚਾਰੀ ਜ਼ਖਮੀ, ਇਕ ਦੀ ਹਾਲਤ ਨਾਜ਼ੁਕ
ਅਜੀਤ ਡੈਸਕ
26-04-2026
ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ 24 ਅਪ੍ਰੈਲ ਦੀ ਰਾਤ ਕਰੀਬ 10 ਵਜੇ ਪਿੰਡ ਗੜਾਂਗਾ ਨੇੜੇ ਵਾਪਰਿਆ | ਉਸ ਸਮੇਂ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਆਪਣੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਸੀ, ਜਿਸ ਵਿਚ ਲਗਭਗ 15 ਕਰਮਚਾਰੀ ਸਵਾਰ ਸਨ | ਜਿਵੇਂ ਹੀ ਬੱਸ ਪਿੰਡ ਗੜਾਂਗਾ ਨੇੜੇ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਟਿੱਪਰ ਨੇ ਬੱਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ | ਟੱਕਰ ਇੰਨੀ ਭਿਆਨਕ ਸੀ ਕਿ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨੀ ਹੋ ਗਿਆ ਅਤੇ ਬੱਸ ਵਿਚ ਸਵਾਰ ਕਰਮਚਾਰੀਆਂ ਵਿਚ ਹਾਹਾਕਾਰ ਮੱਚ ਗਈ | ਹਾਦਸੇ ਦੀ ਪੁਸ਼ਟੀ ਕਰਦਿਆਂ ਜਾਂਚ ਅਧਿਕਾਰੀ ਕਿ੍ਸ਼ਨ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਵਿਚ ਕਈ ਕਰਮਚਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਦਕਿ ਪਿੰਡ ਭਗੜਾਣਾ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਘੜੂਆਂ ਪੁਲਿਸ ਥਾਣੇ ਵਿਚ ਟਿੱਪਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਯੂਥ ਪ੍ਰਧਾਨ ਜਰਨੈਲ ਸਿੰਘ ਭਟੇੜੀ ਨੇ ਕਿਹਾ ਕਿ ਮੋਰਿੰਡਾ-ਚੁੰਨੀ ਮਾਰਗ ਰੋਪੜ, ਮੁਹਾਲੀ ਅਤੇ ਫ਼ਤਹਿਗੜ੍ਹ ਸਾਹਿਬ ਵਰਗੇ ਮਹੱਤਵਪੂਰਨ ਜ਼ਿਲਿ੍ਹਆਂ ਨੂੰ ਜੋੜਦਾ ਹੈ, ਪਰ ਇਸ ਦੀ ਮੌਜੂਦਾ ਹਾਲਤ ਬਹੁਤ ਹੀ ਖ਼ਰਾਬ ਹੈ | ਉਨ੍ਹਾਂ ਕਿਹਾ ਕਿ ਪਿਛਲੇ 8 ਤੋਂ 10 ਦਿਨਾਂ ਦੌਰਾਨ ਲਗਪਗ ਹਰ ਰੋਜ਼ ਇਸ ਮਾਰਗ 'ਤੇ ਕੋਈ ਨਾ ਕੋਈ ਹਾਦਸਾ ਵਾਪਰ ਰਿਹਾ ਹੈ, ਜੋ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਦਰਸਾਉਂਦਾ ਹੈ | ਉਨ੍ਹਾਂ ਦੇ ਮੁਤਾਬਿਕ ਸੜਕ 'ਤੇ ਪਏ ਡੂੰਘੇ ਖੱਡੇ, ਸੜਕ ਕਿਨਾਰੇ ਖੜੇ ਸੁੱਕੇ ਅਤੇ ਖ਼ਤਰਨਾਕ ਦਰਖ਼ਤ ਅਤੇ ਮਾਰਗ ਦੀ ਮੁਰੰਮਤ ਨਾ ਹੋਣਾ ਹਾਦਸਿਆਂ ਦੇ ਮੁੱਖ ਕਾਰਨ ਹਨ | ਕਈ ਵਾਰ ਸਬੰਧਿਤ ਵਿਭਾਗਾਂ ਨੂੰ ਇਸ ਬਾਰੇ ਜਾਣੂ ਕਰਵਾਇਆ ਗਿਆ ਹੈ, ਪਰ ਅਜੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ | ਇਥੇ ਦੱਸੋਣਯੋਗ ਹੈ, ਕਿ 15 ਅਪ੍ਰੈਲ ਨੂੰ ਇਸੇ ਮਾਰਗ 'ਤੇ ਵਾਪਰੇ ਇਕ ਵੱਡੇ ਬੱਸ ਹਾਦਸੇ ਵਿਚ 9 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ, ਜਦਕਿ ਕਈ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋਏ ਸਨ | ਇਸ ਤੋਂ ਇਲਾਵਾ ਪਿੰਡ ਸਿੱਲ ਨੇੜੇ ਇਕ ਹੋਰ ਹਾਦਸੇ ਵਿਚ ਟਿੱਪਰ ਦੀ ਟੱਕਰ ਨਾਲ ਕਣਕ ਵੇਚਣ ਜਾ ਰਹੇ ਕਿਸਾਨ ਮੁਖਤਿਆਰ ਸਿੰਘ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਦਾ ਟਰੈਕਟਰ ਵੀ ਬੁਰੀ ਤਰ੍ਹਾਂ ਤਬਾਹ ਹੋ ਗਿਆ | ਉਨ੍ਹਾਂ ਕਿਹਾ ਕਿ ਲਗਾਤਾਰ ਵਾਪਰ ਰਹੇ ਇਨ੍ਹਾਂ ਹਾਦਸਿਆਂ ਵਿਚ ਕਾਰਾਂ, ਟਰਾਲੇ, ਬੱਸਾਂ ਅਤੇ ਹੋਰ ਵਾਹਨ ਨੁਕਸਾਨੀ ਹੋ ਰਹੇ ਹਨ ਅਤੇ ਕਈ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ ਜਾਂ ਜ਼ਖਮੀ ਹੋ ਰਹੇ ਹਨ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਜ਼ੋਰਦਾਰ ਮੰਗ ਕੀਤੀ ਹੈ ਕਿ ਇਸ 'ਖ਼ੂਨੀ ਮਾਰਗ' ਬਣ ਰਹੇ ਰਸਤੇ ਵੱਲ ਤੁਰੰਤ ਧਿਆਨ ਦਿੱਤਾ ਜਾਵੇ | ਉਨ੍ਹਾਂ ਨੇ ਮੰਗ ਕੀਤੀ ਕਿ ਮੋਰਿੰਡਾ-ਚੁੰਨੀ ਮਾਰਗ ਦੀ ਤੁਰੰਤ ਮੁਰੰਮਤ ਕੀਤੀ ਜਾਵੇ ਸੜਕ 'ਤੇ ਪਏ ਖੱਡਿਆਂ ਨੂੰ ਭਰਿਆ ਜਾਵੇ, ਸੜਕ ਕਿਨਾਰੇ ਖੜ੍ਹੇ ਸੁੱਕੇ ਦਰਖਤਾਂ ਨੂੰ ਕਟਵਾਇਆ ਜਾਵੇ ਅਤੇ ਮੋਰਿੰਡਾ ਸਰਕਾਰੀ ਹਸਪਤਾਲ ਵਿਚ ਡਾਕਟਰਾਂ ਦੀ ਪੂਰੀ ਤਾਇਨਾਤੀ ਕੀਤੀ ਜਾਵੇ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵਲੋਂ ਜਲਦੀ ਕੋਈ ਢੁੱਕਵੇਂ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਮੇਂ ਵਿਚ ਹੋਰ ਵੱਡੇ ਹਾਦਸੇ ਵਾਪਰਨ ਦਾ ਖ਼ਤਰਾ ਬਣਿਆ ਰਹੇਗਾ |