ਫ਼ਤਹਿਗੜ੍ਹ ਸਾਹਿਬ, 25 ਅਪ੍ਰੈਲ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਤੇ ਲੀਗਲ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਰਵਿੰਦਰ ਸਿੰਘ ਸੈਂਪਲਾ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰਾਂ ਵਲੋਂ ਅਸਤੀਫ਼ੇ ਦਿੱਤੇ ਜਾਣ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਆਮ ਆਦਮੀ ਦਾ ਮਖੌਟਾ ਪਾ ਕੇ ਸੂਬੇ ਦੇ ਸ੍ਰੋਤਾਂ ਦੀ ਦੁਰਵਰਤੋਂ ਕਰਨ ਵਾਲੀ ਖ਼ਾਸ ਪਾਰਟੀ ਦਾ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ | ਕਿਉਂਕਿ 'ਆਪ' ਵਲੋਂ ਆਪਣੇ ਹੀ ਵਲੰਟੀਅਰਾਂ ਨੂੰ ਅੱਖੋਂ ਪਰੋਖੇ ਕਰਕੇ ਖ਼ਾਸ ਲੋਕਾਂ ਨੂੰ ਰਾਜ ਸਭਾ ਮੈਂਬਰ ਬਣਾਉਣ ਬਣਾਇਆ ਸੀ, ਜੋ ਪਾਰਟੀ ਨੂੰ ਠੇਂਗਾ ਦਿਖਾ ਕੇ ਭਾਜਪਾ ਵਿਚ ਟਪੂਸੀ ਮਾਰ ਗਏ ਹਨ | ਐਡਵੋਕੇਟ ਸੈਂਪਲਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ 'ਆਪ' ਤੋਂ ਮੋਹ ਭੰਗ ਹੋ ਗਿਆ ਹੈ, ਜਿਸ ਕਰਕੇ ਹੁਣ ਬੇੜੀ ਡੁੱਬਣ ਤੋਂ ਪਹਿਲਾਂ ਹੀ ਮੌਕਾਪ੍ਰਸਤ ਆਗੂ ਟਪੂਸੀਆਂ ਮਾਰਨ ਲੱਗ ਪਏ ਹਨ | ਉਨ੍ਹਾਂ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਲੜਾਈ ਲੜਨ ਲਈ ਸ਼੍ਰੋਮਣੀ ਅਕਾਲੀ ਦਲ ਹੀ ਇਕੋ ਇਕ ਜ਼ਿੰਮੇਵਾਰ ਪਾਰਟੀ ਹੈ, ਜਿਸ ਨੇ ਹਰ ਸਮੇਂ ਪੰਜਾਬੀਆਂ ਲਈ ਹਰ ਕੁਰਬਾਨੀ ਕੀਤੀ ਹੈ ਅਤੇ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕੀਤਾ ਹੈ |