ਫ਼ਤਹਿਗੜ੍ਹ ਸਾਹਿਬ, 28 ਅਪ੍ਰੈਲ (ਬਲਜਿੰਦਰ ਸਿੰਘ)-ਲੋਕਤੰਤਰ 'ਚ ਹਰ ਵਿਅਕਤੀ ਨੂੰ ਆਪਣੀ ਮਰਜ਼ੀ ਮੁਤਾਬਿਕ ਕਿਸੇ ਵੀ ਰਾਜਨੀਤਕ ਦਲ 'ਚ ਸ਼ਾਮਿਲ ਹੋਣ ਦਾ ਅਧਿਕਾਰ ਹੈ, ਪਰ ਪਿਛਲੇ ਦਿਨੀਂ 7 ਰਾਜ ਸਭਾ ਮੈਂਬਰਾਂ ਦੀ ਭਾਰਤੀ ਜਨਤਾ ਪਾਰਟੀ 'ਚ ਸ਼ਮੂਲੀਅਤ ਤੋਂ ਘਬਰਾਏ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਘਟੀਆ ਰਾਜਨੀਤੀ ਦੀ ਮਿਸਾਲ ਪੈਦਾ ਕਰਦੇ ਹੋਏ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਭਾਜਪਾ 'ਚ ਸ਼ਾਮਿਲ ਹੋਣ ਵਾਲੇ ਰਾਜ ਸਭਾ ਮੈਂਬਰ ਤਾਂ ਪੰਜਾਬ ਦੇ ਗ਼ੱਦਾਰ ਹਨ | ਇੱਥੋਂ ਤੱਕ 'ਆਪ' ਦੇ ਆਗੂਆਂ ਤੇ ਵਰਕਰਾਂ ਵਲੋਂ ਪੰਜਾਬ ਪੁਲਿਸ ਦੀ ਮੌਜੂਦਗੀ ਵਿਚ ਭਾਜਪਾ ਵਿਚ ਸ਼ਾਮਿਲ ਹੋਏ ਰਾਜ ਸਭਾ ਮੈਂਬਰਾਂ ਦੇ ਘਰਾਂ ਵਿਚ ਜਾ ਕੇ ਕੰਧਾਂ 'ਤੇ ਗ਼ੱਦਾਰ ਸ਼ਬਦ ਤੱਕ ਲਿਖਿਆ ਗਿਆ ਹੈ, ਜੋ ਕਿ ਬੇਹੱਦ ਨਿੰਦਣਯੋਗ ਹੈ | ਇਸ ਗੱਲ ਦਾ ਪ੍ਰਗਟਾਵਾ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਅੱਜ ਇੱਥੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੇ ਨਿਵਾਸ ਭੱਟੀ ਫਾਰਮ ਸਰਹਿੰਦ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਵਿਨਾਸ਼ ਖੰਨਾ ਨੇ ਕਿਹਾ ਕਿ ਸਾਡੀ ਪਾਰਟੀ ਦੀ ਇਹ ਵੱਡੀ ਪ੍ਰਾਪਤੀ ਹੈ ਕਿ ਸੱਤ ਮੈਂਬਰ ਰਾਜ ਸਭਾ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਏ ਹਨ | ਉਨ੍ਹਾਂ ਦੋਸ਼ ਲਗਾਏ ਕਿ ਭਾਜਪਾ 'ਚ ਸ਼ਾਮਿਲ ਹੋਏ ਰਾਜ ਸਭਾ ਮੈਂਬਰਾਂ ਦੀ ਪੰਜਾਬ ਸਰਕਾਰ ਵਲੋਂ ਸੁਰੱਖਿਆ ਵਾਪਸ ਲੈ ਲਈ ਗਈ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਵੀ 'ਆਪ' ਆਗੂਆਂ ਦੇ ਇਸ਼ਾਰੇ 'ਤੇ ਪੰਜਾਬ ਪੁਲਿਸ ਅਤੇ ਰਾਜ ਦੇ ਹੋਰ ਵਿਭਾਗਾਂ ਨੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਅੰਨਾ ਹਜ਼ਾਰੇ ਅੰਦੋਲਨ ਦੀ ਆੜ ਵਿਚ ਰਾਜਨੀਤਕ ਪਾਰਟੀ ਖੜ੍ਹੀ ਕਰਨ ਵਾਲੇ ਅਰਵਿੰਦ ਕੇਜਰੀਵਾਲ ਨੇ ਖ਼ੁਦ ਨੂੰ ਰਾਜਨੀਤੀ ਵਿਚ ਸਥਾਪਤ ਕਰਨ ਲਈ ਅੰਨਾ ਹਜ਼ਾਰੇ, ਪ੍ਰਸ਼ਾਂਤ ਭੂਸ਼ਣ, ਜੋਗਿੰਦਰ ਯਾਦਵ ਸਮੇਤ ਕਈ ਆਗੂਆਂ ਨੂੰ ਪਾਰਟੀ 'ਚੋਂ ਬਾਹਰ ਕਰ ਦਿੱਤਾ ਤੇ ਕੁਮਾਰ ਵਿਸ਼ਵਾਸ, ਆਸ਼ੂਤੋਸ਼ ਵਰਗੇ ਕਿੰਨੇ ਹੀ ਆਗੂ ਇਸ ਦੀਆਂ ਮਨਮਾਨੀਆਂ ਤੋਂ ਤੰਗ ਆ ਕੇ ਖ਼ੁਦ ਪਾਰਟੀ ਛੱਡ ਗਏ | ਉਨ੍ਹਾਂ ਕਿਹਾ ਕਿ ਇਨ੍ਹਾਂ ਮਾਣਯੋਗ ਮੈਂਬਰਾਂ ਨੂੰ ਕੇਂਦਰੀ ਬਲਾਂ ਦੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਅਤੇ ਪਾਰਟੀ ਵਲੋਂ ਵੀ ਉਨ੍ਹਾਂ ਨੂੰ ਬਣਦਾ ਮਾਨ ਸਨਮਾਨ ਵੀ ਜ਼ਰੂਰ ਦਿੱਤਾ ਜਾਵੇਗਾ | ਪੱਤਰਕਾਰਾਂ ਵਲੋਂ ਇਹ ਪੁੱਛੇ ਜਾਣ 'ਤੇ ਕਿ ਪੰਜਾਬ ਤੋਂ ਹੋਰ ਕਿਹੜੇ-ਕਿਹੜੇ ਰਾਜਨੀਤਕ ਚਿਹਰੇ ਭਾਜਪਾ 'ਚ ਸ਼ਾਮਿਲ ਹੋਣ ਜਾ ਰਹੇ ਹਨ, ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਮਨਮਾਨੀਆਂ ਤੋਂ ਤੰਗ ਆਏ ਕਈ ਆਗੂ ਭਾਜਪਾ ਵਿਚ ਸ਼ਾਮਿਲ ਹੋਣਾ ਚਾਹੁੰਦੇ ਹਨ, ਜਿਸ ਦਾ ਖ਼ੁਲਾਸਾ ਆਉਣ ਵਾਲੇ ਸਮੇਂ ਵਿਚ ਜਲਦ ਹੋਵੇਗਾ | ਇਸ ਮੌਕੇ ਦੀਦਾਰ ਸਿੰਘ ਭੱਟੀ ਤੋਂ ਇਲਾਵਾ ਜਗਦੀਪ ਸਿੰਘ ਚੀਮਾ, ਕੰਵਰਬੀਰ ਸਿੰਘ ਟੌਹੜਾ, ਸੰਦੀਪ ਸਿੰਘ ਬੱਲ, ਹਰੀਸ਼ ਅਗਰਵਾਲ, ਸਰਬਜੀਤ ਸਿੰਘ ਮੱਖਣ, ਕੁਲਦੀਪ ਸਹੋਤਾ, ਰਵਿੰਦਰ ਪੁਰੀ, ਰੋਹਿਤ ਸ਼ਰਮਾ, ਰਵਿੰਦਰ ਪਦਮ ਅਤੇ ਦਵਿੰਦਰ ਭੱਟ ਆਦਿ ਵੀ ਹਾਜ਼ਰ ਸਨ |