ਖਮਾਣੋਂ, 3 ਮਈ (ਜੋਗਿੰਦਰ ਪਾਲ)-ਸਤਲੋਕ ਆਸ਼ਰਮ ਖਮਾਣੋਂ ਵਿਖੇ ਸੰਤ ਰਾਮਪਾਲ ਮਹਾਰਾਜ ਦੀ ਰਹਿਨੁਮਾਈ ਹੇਠ ਕਰਵਾਏ ਵਿਸ਼ਵ ਸ਼ਾਂਤੀ ਮਹਾਂਅਨੁਸ਼ਠਾਨ ਸਮਾਗਮ ਸ਼ਰਧਾ ਅਤੇ ਭਗਤੀ ਭਾਵ ਨਾਲ ਸੰਪੰਨ ਹੋ ਗਿਆ | ਤਿੰਨ ਦਿਨਾਂ ਤੱਕ ਚੱਲੇ ਇਸ ਅਧਿਆਤਮਿਕ ਸਮਾਗਮ ਦਾ ਸਮਾਪਨ ਸੰਤ ਗ਼ਰੀਬ ਦਾਸ ਮਹਾਰਾਜ ਦੀ ਅੰਮਿ੍ਤਬਾਣੀ ਦੇ ਅਖੰਡ ਪਾਠਾਂ ਦੇ ਭੋਗ ਨਾਲ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ | ਭੋਗ ਉਪਰੰਤ ਸੰਤ ਰਾਮਪਾਲ ਮਹਾਰਾਜ ਨੇ ਆਪਣੇ ਸੰਦੇਸ਼ ਵਿਚ ਮਨੁੱਖਤਾ ਦੀ ਸੇਵਾ ਨੂੰ ਸਭ ਤੋਂ ਵੱਡਾ ਧਰਮ ਦੱਸਦਿਆਂ ਕਿਹਾ ਕਿ ਮਨੁੱਖ ਨੂੰ ਆਪਣੇ ਧਨ, ਮਨ ਅਤੇ ਤਨ ਨਾਲ ਦੁਖੀ ਮਨੁੱਖਤਾ ਦੀ ਭਲਾਈ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ | ਉਨ੍ਹਾਂ ਨੇ ਅਪੀਲ ਕੀਤੀ ਕਿ ਹਰ ਵਿਅਕਤੀ ਦੁਖੀ ਨੂੰ ਸੁਖੀ ਕਰਨ ਲਈ ਆਪਣਾ ਯੋਗਦਾਨ ਦੇਵੇ ਅਤੇ ਸਮਾਜ ਵਿਚ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਬਣਾਏ | ਉਨ੍ਹਾਂ ਨੇ ਕਿਸਾਨਾਂ ਅਤੇ ਮਜ਼ਦੂਰ ਵਰਗ ਦੀ ਚਿੰਤਾ ਕਰਦਿਆਂ ਕਿਹਾ ਕਿ ਇਹ ਵਰਗ ਸਮਾਜ ਦੀ ਰੀੜ੍ਹ ਦੀ ਹੱਡੀ ਹੈ ਅਤੇ ਇਨ੍ਹਾਂ ਨੂੰ ਕਿਸੇ ਵੀ ਹਾਲਤ ਵਿਚ ਦੁਖੀ ਨਹੀਂ ਹੋਣ ਦਿੱਤਾ ਜਾਵੇਗਾ | ਇਸ ਸਮਾਗਮ ਵਿਚ ਭਿੰਨ ਭਿੰਨ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰਦਿਆਂ ਸੰਤ ਰਾਮਪਾਲ ਮਹਾਰਾਜ ਦੇ ਪਰਉਪਕਾਰੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ |