ਫ਼ਤਹਿਗੜ੍ਹ ਸਾਹਿਬ, 5 ਮਈ (ਬਲਜਿੰਦਰ ਸਿੰਘ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੀ ਅਗਵਾਈ ਹੇਠ ਅੱਜ ਵਕੀਲਾਂ ਵਲੋਂ ਬੁਢਲਾਡਾ ਬਾਰ ਐਸੋਸੀਏਸ਼ਨ ਦੇ ਮੈਂਬਰ 'ਤੇ ਹੋਏ ਹਮਲੇ ਦੇ ਰੋਸ ਵਜੋਂ ਇਕ ਦਿਨਾਂ ਅਦਾਲਤੀ ਕੰਮ ਕਾਜ ਠੱਪ ਕਰਕੇ ਹੜਤਾਲ ਕੀਤੀ ਗਈ ਅਤੇ ਇਨਸਾਫ਼ ਲਈ ਜ਼ਿਲ੍ਹਾ ਕਚਹਿਰੀਆਂ ਵਿਚ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ 'ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ ਵਿਰਕ ਨੇ ਦੱਸਿਆ ਕਿ ਇਹ ਹੜਤਾਲ ਬਾਰ ਐਸੋਸੀਏਸ਼ਨ ਬੁਢਲਾਡਾ ਵਲੋਂ ਪੂਰੇ ਪੰਜਾਬ ਵਿਚ ਦਿੱਤੀ ਗਈ 'ਨੋ ਵਰਕ' ਦੀ ਕਾਲ 'ਤੇ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਬੁਢਲਾਡਾ ਵਿਖੇ ਇਕ ਐਡਵੋਕੇਟ 'ਤੇ ਹੋਏ ਹਮਲੇ ਸਬੰਧੀ ਉੱਥੋਂ ਦੀ ਪੁਲਿਸ ਵਲੋਂ ਸਿਆਸੀ ਦਬਾਅ ਹੇਠ ਹਮਲਾਵਰਾਂ ਖ਼ਿਲਾਫ਼ ਕੋਈ ਠੋਸ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਅਦਾਲਤੀ ਕੰਮਕਾਜ ਬੰਦ ਕਰਕੇ ਹੜਤਾਲ ਕੀਤੀ ਗਈ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਕੀਲ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਸਬੰਧਤ ਵਕੀਲ ਨੂੰ ਇਨਸਾਫ਼ ਦਿੱਤਾ ਜਾਵੇ | ਐਡਵੋਕੇਟ ਵਿਰਕ ਨੇ ਕਿਹਾ ਕਿ ਜੇਕਰ ਇਕ ਮਾਮਲੇ ਸਬੰਧੀ ਬੁਢਲਾਡਾ ਪੁਲਿਸ ਨੇ ਲੋੜੀਂਦੀ ਕਾਰਵਾਈ ਕਰਕੇ ਪੀੜਤ ਵਕੀਲ ਨੂੰ ਇਨਸਾਫ਼ ਨਾ ਦਿੱਤਾ ਤਾਂ ਜੁਆਇੰਟ ਐਕਸ਼ਨ ਕਮੇਟੀ ਵਲੋਂ ਦਿੱਤੇ ਜਾਣ ਵਾਲੇ ਅਗਲੇ ਸੰਘਰਸ਼ ਪ੍ਰੋਗ੍ਰਾਮ ਨੂੰ ਹੂ-ਬਹੂ ਲਾਗੂ ਕੀਤਾ ਜਾਵੇਗਾ | ਇਸ ਮੌਕੇ 'ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸੈਕਟਰੀ ਐਡਵੋਕੇਟ ਹਰਜੀਤ ਸਿੰਘ ਭੱਲਮਾਜਰਾ, ਸਾਬਕਾ ਪ੍ਰਧਾਨ ਰਾਜਵੀਰ ਸਿੰਘ ਗਰੇਵਾਲ, ਐਡਵੋਕੇਟ ਮਨਰਾਜ ਸਿੰਘ ਕੰਗ, ਉਪ ਪ੍ਰਧਾਨ ਅਜੀਤਪਾਲ ਸਿੰਘ, ਜੁਆਇੰਟ ਸੈਕਟਰੀ ਅਮਨਦੀਪ ਸਿੰਘ ਚੀਮਾ, ਕੁਲਵੰਤ ਸਿੰਘ ਖੇੜਾ, ਪੰਡਿਤ ਨਰਿੰਦਰ ਸ਼ਰਮਾ, ਸੁਮਿਤ ਗੁਪਤਾ, ਕਰਨ ਵਡੇਰਾ, ਗੁਰਜੀਤ ਸਿੰਘ ਬੜਿੰਗ ਅਤੇ ਅਨਵਰ ਹੁਸੈਨ ਸਮੇਤ ਵੱਡੀ ਗਿਣਤੀ ਵਿਚ ਵਕੀਲ ਸਾਹਿਬਾਨ ਸ਼ਾਮਿਲ ਸਨ |