ਮੰਡੀ ਗੋਬਿੰਦਗੜ, 5 ਮਈ (ਇਕਬਾਲਦੀਪ ਸੰਧੂ)-ਸੇਂਟ ਫ਼ਰੀਦ ਪਬਲਿਕ ਸਕੂਲ, ਮੰਡੀ ਗੋਬਿੰਦਗੜ ਦੇ ਵਿਦਿਆਰਥੀਆਂ ਨੇ ਫ਼ਤਿਹ ਸਹੋਦਿਆ ਇੰਟਰ-ਸਕੂਲ ਸਲਾਦ ਮੇਕਿੰਗ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਨਾਲ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਹ ਮੁਕਾਬਲਾ ਗੋਬਿੰਦਗੜ ਪਬਲਿਕ ਸਕੂਲ ਵਿਖੇ ਆਯੋਜਿਤ ਕੀਤਾ ਗਿਆ ਸੀ, ਜਿੱਥੇ ਕੁੱਲ 13 ਸਕੂਲਾਂ ਨੇ ਹਿੱਸਾ ਲਿਆ | ਇਸ ਮੌਕੇ ਮਿਡਲ ਵਰਗ ਵਿਚ ਅੱਠਵੀਂ ਜਮਾਤ ਦੇ ਲੋਟਸ ਦੀਆਂ ਵਿਦਿਆਰਥਣਾਂ ਸਿਮਰਨਪ੍ਰੀਤ ਕੌਰ ਅਤੇ ਏਕਮ ਧੀਮਾਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ | ਸੀਨੀਅਰ ਵਰਗ ਵਿਚ ਸੁਖਮਨ ਕੌਰ ਅਤੇ ਪੁਨੀਤ ਕੌਰ ਦੀ ਟੀਮ ਨੇ ਵੀ ਆਪਣੀ ਰਚਨਾਤਮਿਕਤਾ ਤੇ ਪੇਸ਼ਕਾਰੀ ਨਾਲ ਜੱਜਾਂ ਨੂੰ ਪ੍ਰਭਾਵਿਤ ਕੀਤਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ | ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਸਿਹਤਮੰਦ ਅਤੇ ਆਕਰਸ਼ਕ ਸਲਾਦ ਬਣਾਉਣ ਵਿਚ ਸ਼ਾਨਦਾਰ ਹੁਨਰ ਦਾ ਪ੍ਰਦਰਸ਼ਨ ਕੀਤਾ, ਜਿਸ ਦੀ ਸਾਰਿਆਂ ਨੇ ਪ੍ਰਸੰਸਾ ਕੀਤੀ | ਸਕੂਲ ਪਿ੍ੰਸੀਪਲ ਡਾ. ਅੰਮਿ੍ਤਾ ਸਿੰਘ ਨੇ ਵਿਦਿਆਰਥੀਆਂ ਦੀ ਪ੍ਰਾਪਤੀ 'ਤੇ ਖ਼ੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਵਿਚ ਯੋਗਦਾਨ ਪਾਉਂਦੇ ਹਨ | ਉਨਾਂ ਦੀ ਰਚਨਾਤਮਿਕਤਾ ਅਤੇ ਆਤਮ-ਵਿਸ਼ਵਾਸ ਨੂੰ ਵਧਾਉਂਦੇ ਹਨ |