ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨ ਲਈ ਪੂਰੀ ਤਰ੍ਹਾਂ ਯਤਨਸ਼ੀਲ-ਵਿਧਾਇਕ ਰਾਏ
ਅਜੀਤ ਡੈਸਕ
13-05-2026
ਫ਼ਤਹਿਗੜ੍ਹ ਸਾਹਿਬ, 12 ਮਈ (ਮਨਪ੍ਰੀਤ ਸਿੰਘ)-ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵਲੋਂ ਬਲਾਕ ਸਰਹਿੰਦ ਦੇ ਅਧੀਨ ਆਉਂਦੇ ਪਿੰਡ ਦਿੱਤੂਪੁਰ ਫਕੀਰਾਂ ਵਿਖੇ ਰੰਗਲੇ ਪੰਜਾਬ ਮੁਹਿੰਮ ਤਹਿਤ ਵਾਲੀਬਾਲ ਖੇਡ ਮੈਦਾਨ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਜਿੱਥੇ ਪੰਜਾਬ 'ਚੋਂ ਨਸ਼ੇ ਦੀ ਜੜ ਨੂੰ ਖ਼ਤਮ ਕਰਨ 'ਤੇ ਲੱਗੀ ਹੋਈ ਹੈ, ਉੱਥੇ ਹੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਖੇਡ ਮੈਦਾਨ ਉਸਾਰੇ ਜਾ ਰਹੇ ਹਨ | ਪੰਜਾਬ ਸਰਕਾਰ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਮੁਹਿੰਮ ਸ਼ੁਰੂ ਕਰਕੇ ਜਿੱਥੇ ਇਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਨੂੰ ਖੇਡ ਮੈਦਾਨਾਂ 'ਚ ਲਿਆਉਣ ਦਾ ਯਤਨ ਕੀਤਾ ਗਿਆ, ਉੱਥੇ ਹੀ ਮੁੱਖ ਮੰਤਰੀ ਖੇਡ ਮੈਦਾਨ ਬਣਾ ਕੇ ਪਿੰਡਾਂ ਨੂੰ ਆਧੁਨਿਕ ਖੇਡ ਮੈਦਾਨ ਮੁਹੱਈਆ ਕਰਵਾਏ ਗਏ | ਇਸੇ ਮੁਹਿੰਮ ਤਹਿਤ ਪਿੰਡ ਦਿੱਤੂਪੁਰ ਫਕੀਰਾਂ ਵਿਖੇ ਸਾਢੇ ਚਾਰ ਲੱਖ ਰੁਪਏ ਦੀ ਲਾਗਤ ਦੇ ਨਾਲ ਇਕ ਨਵਾਂ ਵਾਲੀਬਾਲ ਖੇਡ ਮੈਦਾਨ ਬਣਾਇਆ ਗਿਆ ਹੈ | ਇਸ ਖੇਡ ਮੈਦਾਨ ਨੂੰ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਕੀਤਾ ਗਿਆ ਹੈ ਤੇ ਪੂਰੀ ਤਰਾਂ ਲਾਈਟਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਨੌਜਵਾਨ ਸਵੇਰੇ-ਸ਼ਾਮ ਦੇਰ ਰਾਤ ਤੱਕ ਵੀ ਇਸ ਮੈਦਾਨ ਦੇ ਵਿਚ ਖੇਡ ਸਕਣ | ਉਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਕਹਿਣੀ ਅਤੇ ਕਰਨੀ ਦੀ ਪੱਕੀ ਹੈ, ਜਿਸ ਤਹਿਤ ਨਸ਼ੇ ਨੂੰ ਜੜੋਂ ਖ਼ਤਮ ਕਰਨ ਦੇ ਲਈ ਮੁਹਿੰਮ ਚਲਾਈ ਜਾ ਰਹੀ ਹੈ | ਅਜਿਹੇ ਵਿਚ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਖੇਡ ਮੈਦਾਨਾਂ ਵੱਲ ਲੈ ਕੇ ਆਉਣ, ਤਾਂ ਹੀ ਅਸੀਂ ਨਸ਼ੇ ਵਰਗੀਆਂ ਅਲਾਮਤਾਂ ਤੋਂ ਬਚ ਸਕਦੇ ਹਾਂ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਜਸਵਿੰਦਰ ਕੌਰ, 'ਆਪ' ਆਗੂ ਗੁਰਜੰਟ ਸਿੰਘ, ਅਨੀਤਾ ਰਾਣੀ, ਕੁਲਦੀਪ ਕੌਰ, ਹਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ (ਸਾਰੇ ਪੰਚ), ਗੁਰਚਰਨ ਸਿੰਘ, ਲਾਭ ਸਿੰਘ, ਗਿਆਨ ਸਿੰਘ, ਸ਼ਾਮ ਸਿੰਘ, ਦਵਿੰਦਰ ਸਿੰਘ, ਸਤਨਾਮ ਸਿੰਘ ਆਦਿ ਵੀ ਹਾਜ਼ਰ ਸਨ |