16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸਨੌਰ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਦਾ ਸੰਘਰਸ਼ ਪ੍ਰਚੰਡ, ਹੜਤਾਲ ਦੇ 7ਵੇਂ ਦਿਨ ਸਰਕਾਰ ਵਿਰੁੱਧ ਕੱਢੀ ਰੋਸ ਰੈਲੀ

Ad Position 21
No active advertisement
ਅਜੀਤ ਡੈਸਕ 13-05-2026
ਸਨੌਰ, 12 ਮਈ (ਮੋਹਣ ਸਿੰਘ ਭੱਟੀ)-ਨਗਰ ਕੌਂਸਲ ਸਨੌਰ ਦੇ ਸਫ਼ਾਈ ਕਰਮਚਾਰੀਆਂ ਵਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਹੱਕੀ ਮੰਗਾਂ ਨੂੰ ਲੈ ਕੇ ਵਿੱਢਿਆ ਗਿਆ ਸੰਘਰਸ਼ ਅੱਜ 7ਵੇਂ ਦਿਨ ਹੋਰ ਵੀ ਤੇਜ਼ ਹੋ ਗਿਆ | 'ਸਫ਼ਾਈ ਸੇਵਕ ਐਂਡ ਅਦਰ ਵਰਕਰ ਯੂਨੀਅਨ' ਅਤੇ 'ਦੀ ਕਲਾਸ ਫੋਰਥ ਇੰਪਲਾਈਜ਼ ਯੂਨੀਅਨ' ਦੇ ਸਾਂਝੇ ਸੱਦੇ 'ਤੇ ਚੱਲ ਰਹੀ ਇਸ ਹੜਤਾਲ ਨੂੰ ਅੱਜ ਉਸ ਵੇਲੇ ਵੱਡਾ ਸਿਆਸੀ ਸਮਰਥਨ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਰਜਿੰਦਰ ਸਿੰਘ ਵਿਰਕ ਵਿਸ਼ੇਸ਼ ਤੌਰ 'ਤੇ ਮੁਲਾਜ਼ਮਾਂ ਦੇ ਹੱਕ ਵਿਚ ਨਗਰ ਕੌਂਸਲ ਦਫ਼ਤਰ ਦੇ ਬਾਹਰ ਧਰਨੇ 'ਤੇ ਬੈਠੇ | ਧਰਨਾਕਾਰੀ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਰਜਿੰਦਰ ਸਿੰਘ ਵਿਰਕ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋਈ ਹੈ | ਉਨ੍ਹਾਂ ਕਿਹਾ ਕਿ ਜਿਹੜੇ ਸਫ਼ਾਈ ਸੇਵਕ ਦਿਨ-ਰਾਤ ਸ਼ਹਿਰ ਨੂੰ ਸਾਫ਼ ਰੱਖਣ ਲਈ ਆਪਣਾ ਖੂਨ-ਪਸੀਨਾ ਵਹਾਉਂਦੇ ਹਨ, ਅੱਜ ਉਨ੍ਹਾਂ ਨੂੰ ਆਪਣੀਆਂ ਜਾਇਜ਼ ਮੰਗਾਂ ਲਈ ਸੜਕਾਂ 'ਤੇ ਰੁਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ | ਵਿਰਕ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਮੁਲਾਜ਼ਮਾਂ ਦੇ ਇਸ ਸੰਘਰਸ਼ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇ ਅਤੇ ਠੇਕੇਦਾਰੀ ਸਿਸਟਮ ਵਰਗੀ 'ਗੁਲਾਮੀ' ਨੂੰ ਖ਼ਤਮ ਕਰਕੇ ਮੁਲਾਜ਼ਮਾਂ ਨੂੰ ਬਣਦਾ ਮਾਣ-ਭੱਤਾ ਅਤੇ ਤਨਖ਼ਾਹਾਂ ਦੇਵੇ | ਇਸ ਤੋਂ ਪਹਿਲਾਂ ਸਮੂਹ ਮੁਲਾਜ਼ਮਾਂ ਅਤੇ ਆਗੂਆਂ ਨੇ ਸਨੌਰ ਦੇ ਮੁੱਖ ਬੱਸ ਸਟੈਂਡ ਤੋਂ ਲੈ ਕੇ ਬੋਲੜ ਚੌਂਕ ਤੱਕ ਇੱਕ ਰੋਸ ਰੈਲੀ ਕੱਢੀ | ਹੱਥਾਂ ਵਿੱਚ ਮੰਗਾਂ ਦੀਆਂ ਤਖ਼ਤੀਆਂ ਫੜੀ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਯੂਨੀਅਨ ਪ੍ਰਧਾਨ ਨੰਦ ਲਾਲ ਨੇ ਕਿਹਾ ਕਿ ਜਦੋਂ ਤੱਕ 10 ਸਾਲਾਂ ਵਾਲੀ ਮਾਰੂ ਪਾਲਿਸੀ ਰੱਦ ਨਹੀਂ ਹੁੰਦੀ ਅਤੇ ਘੱਟੋ-ਘੱਟ ਤਨਖ਼ਾਹ 30 ਹਜ਼ਾਰ ਰੁਪਏ ਨਹੀਂ ਕੀਤੀ ਜਾਂਦੀ, ਇਹ ਹੜਤਾਲ ਜਾਰੀ ਰਹੇਗੀ | ਪ੍ਰਧਾਨ ਅਜੇ ਕੁਮਾਰ ਹੈਪੀ, ਮੀਤ ਪ੍ਰਧਾਨ ਵਰੁਣ ਕੁਮਾਰ ਅਤੇ ਸੈਕਟਰੀ ਰਕੇਸ਼ ਕੁਮਾਰ ਬੱਬੂ ਨੇ ਕਿਹਾ ਕਿ ਅੱਜ ਹੜਤਾਲ ਦੇ 7ਵੇਂ ਦਿਨ ਵੀ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸ਼ਹਿਰ ਵਿੱਚ ਸਫ਼ਾਈ ਦਾ ਕੰਮ ਅਣਮਿਥੇ ਸਮੇਂ ਲਈ ਠੱਪ ਰੱਖਿਆ ਜਾਵੇਗਾ | ਇਸ ਮੌਕੇ ਕੈਸ਼ੀਅਰ ਦੀਪਕ ਕੁਮਾਰ, ਰਾਜ ਕਿਰਨ, ਸੁੰਦਰ, ਜੁਗਨ ਲਾਲ, ਕੁਲਦੀਪ ਕੁਮਾਰ, ਕਲਰਕ ਹੰਸਰਾਜ, ਵਾਟਰ ਸਪਲਾਈ ਤੋਂ ਦਵਿੰਦਰ ਸਿੰਘ, ਮੇਟ ਇੰਦਰਪ੍ਰੀਤ ਕੌਰ, ਆਸ਼ੂ ਸਿੰਗਲਾ, ਬਿਕਰਮਜੀਤ, ਜਗਦੀਸ਼ ਜੱਗੀ, ਨਰੇਸ਼ ਕੁਮਾਰ, ਨਰਿੰਦਰ ਸਿੰਘ ਹਸਨਪੁਰ, ਰੌਕੀ ਅਟਵਾਲ, ਸੰਜੀਵ ਕੁਮਾਰ, ਗੁਰਜੀਤ ਸਿੰਘ, ਰਕੇਸ਼ ਕੁਮਾਰ ਬੰਟੀ, ਸੰਜੀਵ ਅਟਵਾਲ (ਸ਼ੰਕਰਪੁਰ), ਚਰਨ ਦਾਸ ਬਾਲੂ, ਕੁਲਵੰਤ ਸਿੰਘ (ਦੁੰਦੀ ਮਾਜਰਾ), ਅਮੀਰ ਚੰਦ (ਕਾਠਗੜ੍ਹ), ਜਸਵੀਰ ਸਿੰਘ (ਨੈਨ ਕਲਾਂ), ਗੋਲਡੀ ਮਸਿੰਗਣ, ਵੀਰਪਾਲ ਪੰਚੋਲਾ, ਸਵਰਨ ਸਿੰਘ (ਬੋਲੜ ਕਲਾਂ) ਅਤੇ ਵਿਸ਼ਾਲ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਸਫ਼ਾਈ ਸੇਵਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 2 ਮੋਟਰਸਾਈਕਲ ਸਵਾਰ ਔਰਤ ਤੋਂ ਨਕਦੀ, ਮੋਬਾਈਲ ਅਤੇ ਸੂਟਾਂ ਵਾਲਾ ਬੈਗ ਖੋਹ ਕੇ ਹੋਏ ਫ਼ਰਾਰ ਅਗਲੀ ਖ਼ਬਰ ਅਨੁਪਿ੍ਤਾ ਜੌਹਲ ਨੇ ਪਟਿਆਲਾ ਵਿਖੇ ਏ.ਡੀ.ਸੀ. ਜਨਰਲ ਦਾ ਅਹੁਦਾ ਸੰਭਾਲਿਆ
Ad Position 24