ਫ਼ਤਹਿਗੜ੍ਹ ਸਾਹਿਬ, 13 ਮਈ (ਬਲਜਿੰਦਰ ਸਿੰਘ)-ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਖੇਡ ਮੈਦਾਨ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮੇ ਜਿੱਤ ਕੇ ਸਕੂਲ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਐੱਚ. ਐਸ. ਸਪੋਰਟਸ ਅਕੈਡਮੀ ਫ਼ਤਹਿਗੜ੍ਹ ਸਾਹਿਬ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਇੰਟਰ ਸਕੂਲ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ | ਇਸ ਟੂਰਨਾਮੈਂਟ ਦੌਰਾਨ ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ ਦੀ ਅੰਡਰ-17 ਕੁੜੀਆਂ ਦੀ ਬਾਸਕਟਬਾਲ ਟੀਮ ਨੇ ਇਨਵੀਟੇਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਹਾਸਲ ਕੀਤਾ | ਇਸ ਤੋਂ ਇਲਾਵਾ ਸਕੂਲ ਦੀ ਅੰਡਰ-19 ਮੁੰਡਿਆਂ ਦੀ ਕਿ੍ਕਟ ਟੀਮ ਨੇ ਵੀ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦਿਆਂ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਿਆ | ਵਿਦਿਆਰਥੀਆਂ ਦੀ ਇਸ ਪ੍ਰਾਪਤੀ ਨਾਲ ਸਕੂਲ ਵਿਚ ਖ਼ੁਸ਼ੀ ਅਤੇ ਮਾਣ ਦਾ ਮਾਹੌਲ ਬਣ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਬਬੀਤਾ ਚੋਪੜਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਇਨਵੀਟੇਸ਼ਨਲ ਵਾਲੀਬਾਲ, ਬਾਸਕਟਬਾਲ ਅਤੇ ਕਿ੍ਕਟ ਚੈਂਪੀਅਨਸ਼ਿਪ ਦਾ ਰਸਮੀ ਉਦਘਾਟਨ ਕੀਤਾ | ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ, ਸਮਰਪਣ, ਟੀਮ ਵਰਕ ਅਤੇ ਖੇਡ ਭਾਵਨਾ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਜੀਵਨ ਵਿਚ ਸਫਲਤਾ ਲਈ ਖੇਡਾਂ ਨੂੰ ਅਹਿਮ ਦੱਸਿਆ | ਸਕੂਲ ਦੇ ਸੈਕਟਰੀ ਕਮ ਖ਼ਜ਼ਾਨਚੀ ਪਿ੍ਆ ਅਰੋੜਾ ਨੇ ਵੀ ਜੇਤੂ ਵਿਦਿਆਰਥੀਆਂ ਅਤੇ ਸਕੂਲ ਦੇ ਡੀ. ਪੀ. ਈ ਅੰਮਿ੍ਤਪਾਲ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਵਿਕਾਸ ਦਾ ਮਹੱਤਵਪੂਰਨ ਹਿੱਸਾ ਹਨ | ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਰਹੇਗਾ | ਉਨ੍ਹਾਂ ਉਮੀਦ ਜਿਤਾਈ ਕਿ ਸਕੂਲ ਦੇ ਵਿਦਿਆਰਥੀ ਭਵਿੱਖ ਵਿਚ ਵੀ ਇਸੇ ਤਰ੍ਹਾਂ ਨਵੀਆਂ ਉੱਚਾਈਆਂ ਹਾਸਲ ਕਰਦੇ ਰਹਿਣਗੇ |