ਸੰਘੋਲ, 13 ਮਈ (ਪਰਮਵੀਰ ਸਿੰਘ ਧਨੋਆ)-ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਐਚ.ਐਸ ਚੰਨੀ ਅਤੇ ਰਾਮ ਸਰੂਪ ਸਕੱਤਰ ਨੇ ਇਕ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਜ਼ਿਲੇ੍ਹ ਦੇ ਮੈਡੀਕਲ ਸਟੋਰ 20 ਮਈ ਨੂੰ ਆਮ ਵਾਂਗ ਖੁੱਲੇ੍ਹ ਰਹਿਣਗੇ | ਆਗੂਆਂ ਦੱਸਿਆ ਕਿ ਇਸ ਸਬੰਧੀ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਵਲੋਂ ਅੰਮਿ੍ਤਸਰ ਸਾਹਿਬ ਵਿਖੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਪ੍ਰਧਾਨ-ਸਕੱਤਰਾਂ ਦੀ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਗੁਰਸ਼ਰਨ ਸਿੰਘ ਛੀਨਾ ਨੇ ਸ਼ਿਰਕਤ ਕੀਤੀ | ਇਸ ਦੌਰਾਨ ਪ੍ਰਧਾਨਾਂ ਅਤੇ ਸਕੱਤਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ | ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਅਸ਼ੋਕ ਗੋਇਲ ਨੇ ਕੈਮਿਸਟ ਭਾਈਚਾਰੇ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਵਿਸਥਾਰਪੂਰਵਕ ਦੱਸਿਆ ਕਿ ਡਰੱਗ ਐਕਟ 1940 ਅਤੇ 1945 ਦੇ ਅਧੀਨ ਸਾਰੇ ਭਾਰਤ ਦੇ ਮੈਡੀਕਲ ਸਟੋਰ ਕੰਮ ਕਰਦੇ ਹਨ, ਪ੍ਰੰਤੂ ਐਕਟ ਪੰਜਾਬ ਵਿਚ ਇਹ ਕੁਝ ਸ਼ਰਤਾਂ ਨਾਲ ਲਾਗੂ ਕੀਤਾ ਹੋਇਆ ਹੈ | ਜਿਸ ਨਾਲ ਕੈਮਿਸਟ ਭਾਈਚਾਰੇ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਐਸੋਸੀਏਸ਼ਨ ਦੀ ਮੰਗ ਹੈ ਕਿ ਇਹ ਸ਼ਰਤਾਂ ਹਟਾਈਆਂ ਜਾਣ | ਇਸ ਮੌਕੇ ਐਚ.ਐਚ. ਚੰਨੀ ਨੇ ਸੁਝਾਅ ਦਿੱਤਾ ਕਿ ਜ਼ਿਲ੍ਹਾ ਪ੍ਰਧਾਨ ਵਲੋਂ ਇਸ ਸਬੰਧੀ ਆਪੋ-ਆਪਣੇ ਸੰਸਦ ਮੈਂਬਰ ਨੂੰ ਇਕ ਮੰਗ ਪੱਤਰ ਦਿੱਤਾ ਜਾਵੇ ਤਾਂ ਜੋ ਕੈਮਿਸਟਾਂ ਦੀ ਆਵਾਜ਼ ਸੰਸਦ ਤੱਕ ਪਹੁੰਚ ਸਕੇ | ਸਾਰੇ ਭਾਰਤ ਲਈ ਇਕ ਹੀ ਕਾਨੂੰਨ ਹੋਣਾ ਚਾਹੀਦਾ ਹੈ | ਇਸ ਸਮੇਂ ਪ੍ਰਧਾਨ ਅਸ਼ੋਕ ਗੋਇਲ ਨੇ ਭਰੋਸਾ ਦਵਾਇਆ 20 ਮਈ ਨੂੰ ਗੈਰ ਪ੍ਰਮਾਣਿਤ ਜਥੇਬੰਦੀਆਂ ਕੈਮਿਸਟਾਂ ਦੇ ਅਸਲੀ ਮੁੱਦਿਆਂ ਤੋਂ ਹਟ ਕੇ ਹੜਤਾਲ ਦਾ ਰੌਲਾ ਪਾ ਰਹੀਆਂ ਹਨ | ਪ੍ਰੰਤੂ ਸਾਡੀ ਐਸੋਸੀਏਸ਼ਨ ਬੰਦ ਦਾ ਕੋਈ ਸਮਰਥਨ ਨਹੀਂ ਕਰਦੀ, ਪੰਜਾਬ ਦੇ ਕੈਮਿਸਟ ਆਮ ਵਾਂਗ ਖੁੱਲੇ੍ਹ ਰਹਿਣਗੇ |