ਫ਼ਤਹਿਗੜ੍ਹ ਸਾਹਿਬ, 13 ਮਈ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਦੇ ਯੂਨੀਵਰਸਿਟੀ ਸਕੂਲ ਆਫ਼ ਲਾਅ ਦੀ ਬੀ.ਏ, ਐੱਲ.ਐੱਲ.ਬੀ. ਪਹਿਲੇ ਸਾਲ ਦੀ ਵਿਦਿਆਰਥਣ ਗੁਰਜੋਤ ਕੌਰ ਨੇ ਕੇਂਦਰੀ ਯੂਨੀਵਰਸਿਟੀ ਕਰਨਾਟਕ ਵਲੋਂ ਕਰਵਾਏ ਗਏ ਕੌਮੀ ਮੂਟ ਅਦਾਲਤੀ ਮੁਕਾਬਲੇ ਵਿਚ 'ਉੱਤਮ ਖੋਜਕਾਰ' ਦਾ ਸਨਮਾਨ ਪ੍ਰਾਪਤ ਕਰਕੇ ਇਕ ਵਾਰ ਫਿਰ ਆਪਣੀ ਸੰਸਥਾ ਦਾ ਮਾਣ ਵਧਾਇਆ ਹੈ | ਇਹ ਮੁਕਾਬਲਾ 13 ਮਾਰਚ ਤੋਂ 11 ਅਪ੍ਰੈਲ ਤੱਕ ਚੱਲਿਆ, ਜਿਸ ਵਿਚ ਦੇਸ਼ ਭਰ ਦੀਆਂ 18 ਕਾਨੂੰਨੀ ਯੂਨੀਵਰਸਿਟੀਆਂ ਅਤੇ ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ | ਗੁਰਜੋਤ ਕੌਰ ਨੇ ਆਪਣੀ ਉੱਤਮ ਕਾਨੂੰਨੀ ਖੋਜ ਅਤੇ ਪਰਖਣ ਦੀ ਯੋਗਤਾ ਦੇ ਆਧਾਰ 'ਤੇ ਇਹ ਮਾਣਮੱਤਾ ਸਨਮਾਨ ਹਾਸਲ ਕੀਤਾ ਹੈ | ਉਸ ਦੀ ਸ਼ਾਨਦਾਰ ਪ੍ਰਾਪਤੀ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਨੇ ਕਿਹਾ ਕਿ ਮੂਟ ਅਦਾਲਤੀ ਮੁਕਾਬਲੇ ਕਾਨੂੰਨ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਅਟੁੱਟ ਹਿੱਸਾ ਹੋਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਅਸਲ ਅਦਾਲਤੀ ਕਾਰਵਾਈ ਲਈ ਤਿਆਰ ਕਰਦੇ ਹਨ ਅਤੇ ਉਨ੍ਹਾਂ ਵਿਚ ਕਾਨੂੰਨੀ ਖੋਜ, ਦਸਤਾਵੇਜ਼ ਤਿਆਰ ਕਰਨ ਤੇ ਦਲੀਲ ਪੇਸ਼ ਕਰਨ ਦੇ ਹੁਨਰ ਵਿਕਸਿਤ ਕਰਦੇ ਹਨ | ਇਸ ਦੇ ਨਾਲ ਹੀ ਇਹ ਮੁਕਾਬਲੇ ਵਕੀਲੀ ਖੇਤਰ ਲਈ ਲੋੜੀਂਦਾ ਭਰੋਸਾ ਅਤੇ ਦਲੇਰੀ ਵੀ ਪੈਦਾ ਕਰਦੇ ਹਨ | ਯੂਨੀਵਰਸਿਟੀ ਸਕੂਲ ਆਫ਼ ਲਾਅ ਦੀ ਮੁਖੀ ਡਾ. ਅਮਿਤਾ ਕੌਸ਼ਲ ਨੇ ਵਿਦਿਆਰਥੀਆਂ ਵਲੋਂ ਵੱਖ-ਵੱਖ ਰਾਸ਼ਟਰੀ ਮੂਟ ਅਦਾਲਤੀ ਮੁਕਾਬਲਿਆਂ ਵਿਚ ਜੋਸ਼ ਨਾਲ ਭਾਗ ਲੈਣ 'ਤੇ ਖ਼ੁਸ਼ੀ ਪ੍ਰਗਟ ਕੀਤੀ | ਮੂਟ ਕੋਰਟ ਮੁਕਾਬਲਿਆਂ ਦੀ ਕਨਵੀਨਰ ਡਾ. ਨਵਨੀਤ ਕੌਰ ਅਤੇ ਹੋਰ ਅਧਿਆਪਕਾਂ ਨੇ ਵਿਦਿਆਰਥੀਆਂ ਵਲੋਂ ਵਿਭਾਗੀ ਤੇ ਰਾਸ਼ਟਰੀ ਪੱਧਰ 'ਤੇ ਸਰਗਰਮੀ ਨਾਲ ਹਿੱਸਾ ਲੈਣ ਦੀ ਸ਼ਲਾਘਾ ਕੀਤੀ | ਉਨ੍ਹਾਂ ਮੂਟ ਕੋਰਟ ਕੋਆਰਡੀਨੇਟਰ ਅਤੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਤਿਆਰ ਕਰਨ ਲਈ ਕੀਤੀਆਂ ਲਗਾਤਾਰ ਮਿਹਨਤਾਂ ਦੀ ਵੀ ਤਾਰੀਫ਼ ਕੀਤੀ |