ਫ਼ਤਹਿਗੜ੍ਹ ਸਾਹਿਬ, 21 ਮਈ (ਬਲਜਿੰਦਰ ਸਿੰਘ)-ਹਲਕਾ ਸ੍ਰੀ ਫ਼ਤਹਿਗੜ ਸਾਹਿਬ ਦੇ ਸਰਹਿੰਦ ਸ਼ਹਿਰ ਵਿਚ ਉਸ ਵੇਲੇ ਸਿਆਸੀ ਮਾਹੌਲ ਗਰਮਾ ਗਿਆ, ਜਦੋਂ ਵਾਰਡ ਨੰਬਰ. 23 ਵਿਖੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਮੱਖਣ ਸਹੋਤਾ ਆਪਣੇ ਕਈ ਸਾਥੀਆਂ ਸਮੇਤ 'ਆਪ' ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ | ਇਸ ਮੌਕੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵਲੋਂ ਮੱਖਣ ਸਹੋਤਾ ਅਤੇ ਉਨਾਂ ਦੇ ਸਾਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਿਰੋਪਾਉ ਪਾ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਅਤੇ ਸਮਰਥਕ ਵੀ ਮੌਜੂਦ ਰਹੇ | ਇਸ ਮੌਕੇ ਪਾਰਟੀ ਆਗੂਆਂ ਵਲੋਂ ਦਾਅਵਾ ਕੀਤਾ ਗਿਆ ਕਿ ਕਾਂਗਰਸ ਪਾਰਟੀ ਦਿਨੋਂ-ਦਿਨ ਮਜ਼ਬੂਤ ਹੋ ਰਹੀ ਹੈ ਅਤੇ ਹੋਰ ਪਾਰਟੀਆਂ ਦੇ ਆਗੂ ਵੀ ਕਾਂਗਰਸ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ | ਕਾਂਗਰਸ ਵਿਚ ਸ਼ਾਮਿਲ ਹੋਣ ਉਪਰੰਤ ਮੱਖਣ ਸਹੋਤਾ ਅਤੇ ਉਨਾਂ ਦੇ ਸਾਥੀਆਂ ਨੇ 'ਆਪ' 'ਤੇ ਤਿੱਖੇ ਸਿਆਸੀ ਹਮਲੇ ਕਰਦੇ ਹੋਏ ਕਿਹਾ ਕਿ ਜਿਸ ਪਾਰਟੀ ਨੂੰ ਆਮ ਲੋਕਾਂ ਦੀ ਆਵਾਜ਼ ਬਣ ਕੇ ਉੱਭਰਨਾ ਸੀ, ਉਹ ਹੁਣ ਆਪਣੇ ਅਸਲ ਮਕਸਦ ਤੋਂ ਭਟਕ ਚੁੱਕੀ ਹੈ | ਉਨਾਂ ਕਿਹਾ ਕਿ 'ਆਪ' ਹੁਣ 'ਆਮ ਆਦਮੀ ਪਾਰਟੀ' ਨਹੀਂ ਰਹੀ, ਸਗੋਂ 'ਅਮੀਰ ਆਦਮੀ ਪਾਰਟੀ' ਬਣ ਗਈ ਹੈ | ਪਾਰਟੀ ਵਿਚ ਮਿਹਨਤੀ ਅਤੇ ਜ਼ਮੀਨੀ ਵਰਕਰਾਂ ਦੀ ਕੋਈ ਕਦਰ ਨਹੀਂ ਰਹੀ ਅਤੇ ਸਿਰਫ਼ ਰਸੂਕਦਾਰ ਲੋਕਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ | ਉਨਾਂ ਦੋਸ਼ ਲਗਾਇਆ ਕਿ ਆਮ ਲੋਕਾਂ ਅਤੇ ਗ਼ਰੀਬ ਵਰਗ ਨਾਲ ਧੱਕਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਨਾਂ ਨੇ ਪਾਰਟੀ ਛੱਡਣ ਦਾ ਫ਼ੈਸਲਾ ਕੀਤਾ ਹੈ | ਇਸ ਮੌਕੇ ਸਾਬਕਾ ਵਿਧਾਇਕ ਨਾਗਰਾ ਨੇ ਕਿਹਾ ਕਿ 'ਆਪ' ਦੇ ਉਹ ਵਰਕਰ, ਜਿਨਾਂ ਨੇ ਪਾਰਟੀ ਨੂੰ ਖੜਾ ਕਰਨ ਲਈ ਦਿਨ-ਰਾਤ ਮਿਹਨਤ ਕੀਤੀ, ਅੱਜ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ | ਸ. ਨਾਗਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਆਮ ਲੋਕਾਂ, ਗ਼ਰੀਬਾਂ ਅਤੇ ਮਜ਼ਦੂਰ ਵਰਗ ਦੀ ਆਵਾਜ਼ ਬਣ ਕੇ ਖੜੀ ਰਹੀ ਹੈ | ਉਨਾਂ ਦਾਅਵਾ ਕੀਤਾ ਕਿ ਕਾਂਗਰਸ ਵਿਚ ਸ਼ਾਮਿਲ ਹੋਣ ਵਾਲੇ ਹਰ ਵਰਕਰ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਂਦਾ ਹੈ ਅਤੇ ਪਾਰਟੀ ਵਿਚ ਉਨਾਂ ਦੀ ਯੋਗਤਾ ਅਨੁਸਾਰ ਜ਼ਿੰਮੇਵਾਰੀਆਂ ਵੀ ਦਿੱਤੀਆਂ ਜਾਣਗੀਆਂ | ਉਨਾਂ ਕਿਹਾ ਕਿ ਸਰਹਿੰਦ ਅਤੇ ਹਲਕਾ ਸ੍ਰੀ ਫ਼ਤਹਿਗੜ ਸਾਹਿਬ ਵਿਚ ਕਾਂਗਰਸ ਨੂੰ ਲਗਾਤਾਰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਕਾਂਗਰਸ ਹੋਰ ਵੀ ਮਜ਼ਬੂਤ ਹੋ ਕੇ ਉੱਭਰੇਗੀ | ਮੱਖਣ ਸਹੋਤਾ ਅਤੇ ਉਨਾਂ ਦੇ ਸਾਥੀਆਂ ਦੇ ਕਾਂਗਰਸ ਵਿਚ ਸ਼ਾਮਿਲ ਹੋਣ ਨਾਲ ਸ਼ਹਿਰ ਦੇ ਸਿਆਸੀ ਮਾਹੌਲ ਵਿਚ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ | ਸਿਆਸੀ ਮਾਹਿਰਾਂ ਅਨੁਸਾਰ ਇਸ ਸਿਆਸੀ ਬਦਲਾਅ ਨਾਲ ਕਾਂਗਰਸ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤੀ ਮਿਲ ਸਕਦੀ ਹੈ, ਜਦਕਿ 'ਆਪ' ਲਈ ਇਹ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ | ਇਸ ਮੌਕੇ ਵਾਰਡ ਨੰਬਰ. 23 ਤੋਂ ਕਾਂਗਰਸ ਦੀ ਉਮੀਦਵਾਰ ਰਮਨਦੀਪ ਕੌਰ, ਵਾਰਡ ਨੰ. 20 ਦੇ ਉਮੀਦਵਾਰ ਗੁਰਪ੍ਰੀਤ ਸਿੰਘ ਕੈੜੇ, ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਗੁਰਪ੍ਰੀਤ ਸਿੰਘ ਗੋਲੂ, ਰਵਿੰਦਰ ਸਿੰਘ ਬਾਸੀ, ਦਵਿੰਦਰ ਸਿੰਘ, ਐਡ. ਅਨਿਲ ਗੁਪਤਾ, ਜਸਵੀਰ ਸਿੰਘ, ਰਣਦੀਪ ਸਿੰਘ ਸੋਢੀ, ਅਮਰਜੀਤ ਸਿੰਘ, ਪ੍ਰਭਜੋਤ ਸਿੰਘ, ਕੁਲਦੀਪ ਸਿੰਘ, ਅਜਮੇਰ ਸਿੰਘ, ਪ੍ਰੀਤਜੋਤ ਸਿੰਘ, ਕੁਲਵਿੰਦਰ ਸਿੰਘ, ਗੁਰਲਾਲ ਸਿੰਘ ਲਾਲੀ ਹੋਰਨਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਅਤੇ ਕਾਂਗਰਸੀ ਵਰਕਰ ਸ਼ਾਮਿਲ ਸਨ |