ਲੁਧਿਆਣਾ/ਸ਼ਾਹਕੋਟ (ਜਲੰਧਰ)/ਤਪਾ ਮੰਡੀ, (ਬਰਨਾਲਾ ), 16 ਸਤੰਬਰ (ਪਰਮਿੰਦਰ ਸਿੰਘ ਅਹੂਜਾ/ਰੁਪੇਸ਼ ਕੁਮਾਰ/ਏ.ਐਸ. ਅਰੋੜਾ/ਸੁਖਦੀਪ ਸਿੰਘ/ਵਿਜੇ ਸ਼ਰਮਾ) - ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਬਿਜਲੀ ਦੇ ਲਗਾਤਾਰ ਲੱਗ ਰਹੇ ਕੱਟਾਂ ਨੂੰ ਲੈ ਕੇ ਲੁਧਿਆਣਾ ਡੀ.ਸੀ. ਦਫਤਰ ਦੇ ਬਾਹਰ ਪੰਜਾਬ ਸਰਕਾਰ ਦੇ ਖ਼ਿਲਾਫ਼ ਜੰਮ ਕੇ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਵੱਡੀ ਸੰਖਿਆ ਵਿਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਉੱਪਰ ਬਿਜਲੀ ਲਈ ਸਹੀ ਮੈਨੇਜਮੈਂਟ ਨਾ ਕਰਨ ਦਾ ਦੋਸ਼ ਲਗਾਇਆ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਵਿਚ ਲਗਾਤਾਰ ਬਿਜਲੀ ਦੇ ਕੱਟ ਲੱਗ ਰਹੇ ਹਨ ਜਿਸ ਦੇ ਵਿਰੋਧ ਵਿਚ ਅੱਜ ਉਹ ਇੱਥੇ ਪ੍ਰਦਰਸ਼ਨ ਕਰਨ ਨੂੰ ਮਜ਼ਬੂਰ ਹੋਏ ਹਨ ਉਨ੍ਹਾਂ ਨੇ ਕਿਹਾ ਕਿ ਲਗਾਤਾਰ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਨ ਉਦਯੋਗ ਬੰਦ ਪਏ ਹਨ ਅਤੇ ਉਦੋਗਪਤੀ ਧਰਨੇ ਪ੍ਰਦਰਸ਼ਨ ਕਰਨ ਨੂੰ ਮਜ਼ਬੂਰ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਨਾ ਕਿਸਾਨਾਂ ਨੂੰ ਬਿਜਲੀ ਮਿਲ ਰਹੀ ਹੈ ਤੇ ਨਾ ਹੀ ਘਰੇਲੂ ਬਿਜਲੀ ਢੰਗ ਨਾਲ ਮਿਲ ਰਹੀ ਹੈ। ਨਾਲ ਹੀ ਬਿਜਲੀ ਮੰਤਰੀ ਵਲੋਂ ਸਿਰਫ ਖੋਖਲੇ ਦਾਅਵੇ ਕੀਤੇ ਜਾ ਰਹੇ ਹਨ।
ਇਸੇ ਤਰਾਂ ਪੰਜਾਬ ਵਿਚ ਵੱਧ ਰਹੇ ਬਿਜਲੀ ਸੰਕਟ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (b) ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਖੋਲ੍ਹੇ ਗਏ ਮੋਰਚੇ ਤਹਿਤ ਅੱਜ ਸ਼ਾਹਕੋਟ ਵਿਖੇ vI ਐਸ.ਡੀ.ਐਮ. ਦਫ਼ਤਰ ਮੂਹਰੇ ਰੋਸ ਧਰਨਾ ਦਿੱਤਾ ਗਿਆ। ਇਹ ਧਰਨਾ ਐਡਵੋਕੇਟ ਬਚਿੱਤਰ ਸਿੰਘ ਕੋਹਾੜ, ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਅਤੇ ਜ਼ਿਲ੍ਹਾ ਪ੍ਰਧਾਨ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਦਿੱਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਐਡਵੋਕੇਟ ਕੋਹਾੜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਸਮੇਂ ਘਰਾਂ ਨੂੰ 24 ਘੰਟੇ ਅਤੇ ਕਿਸਾਨਾਂ ਨੂੰ ਖੇਤੀ ਲਈ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਇਸ ਨੂੰ ਪੂਰਾ ਕਰਨ ਵਿਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀ ਘਾਟ ਕਾਰਨ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਦੀਆਂ ਨੀਤੀਆਂ ਅਤੇ ਸੂਬੇ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਵੀ ਨਿਸ਼ਾਨਾ ਸਾਧਿਆ।
ਇਸ ਤੋਂ ਇਲਾਵਾ ਤਪਾ ਵਿਖੇ ਵੀ ਪੂਰੇ ਸੂਬੇ ਅੰਦਰ ਬਿਜਲੀ ਦੇ ਲੱਗ ਰਹੇ ਲੰਮੇ ਕੱਟਾਂ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਐਸ.ਡੀ.ਐੱਮ. ਦਫ਼ਤਰ ਦੇ ਸਾਹਮਣੇ ਵੀ ਟੈਂਟ ਲਗਾ ਕੇ ਧਰਨਾ ਦਿੱਤਾ ਦਿੱਤਾ ਗਿਆ। ਇਸ ਧਰਨੇ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਕਰ ਰਹੇ ਹਨ।
ਇਸ ਮੌਕੇ ਅਕਾਲੀ ਆਗੂਆਂ ਅਤੇ ਵਰਕਰਾਂ ਵਲੋਂ ਬਿਜਲੀ ਸਪਲਾਈ ਵਿਚ ਵਾਰ-ਵਾਰ ਆ ਰਹੇ ਵਿਘਨ ਅਤੇ ਕਈ-ਕਈ ਘੰਟਿਆਂ ਦੇ ਬਿਜਲੀ ਕੱਟਾਂ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਰਾਹੀ, ਸੀਨੀਅਰ ਆਗੂ ਜੈਲਦਾਰ ਬੀਰਿੰਦਰ ਸਿੰਘ, ਅਕਾਲੀ ਦਲ ਯੂਥ ਵਿੰਗ ਦੇ ਜ਼ਿਲਾ ਪ੍ਰਧਾਨ ਰਣਦੀਪ ਸਿੰਘ ਢਿੱਲਵਾਂ, ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੰਮੇ ਸਮੇਂ ਤੱਕ ਬਿਜਲੀ ਨਾ ਆਉਣ ਕਾਰਨ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ, ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਨੇ ਕਿਹਾ ਕਿ ਬਿਜਲੀ ਦੀ ਨਿਰਵਿਘਨ ਸਪਲਾਈ ਲੋਕਾਂ ਦੀ ਮੁੱਢਲੀ ਲੋੜ ਹੈ ਅਤੇ ਲੰਮੇ ਬਿਜਲੀ ਕੱਟਾਂ ਕਾਰਨ ਖੇਤੀਬਾੜੀ ਦੇ ਕੰਮ ਪ੍ਰਭਾਵਿਤ ਹੋਣ ਦੇ ਨਾਲ-ਨਾਲ ਦੁਕਾਨਦਾਰਾਂ ਅਤੇ ਹੋਰ ਕਾਰੋਬਾਰੀਆਂ ਦੇ ਕੰਮਕਾਜ ’ਤੇ ਵੀ ਅਸਰ ਪੈ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਤੋਂ ਬਿਜਲੀ ਸਪਲਾਈ ਨੂੰ ਸੁਚਾਰੂ ਬਣਾਉਣ ਅਤੇ ਲੋਕਾਂ ਨੂੰ ਦਰਪੇਸ਼ ਸਮੱਸਿਆ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ। ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪੰਜਾਬ ਦੀ ਸੱਤਾ ਵਿਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਵਾਅਦੇ ਕੀਤੇ ਗਏ ਸਨ। ਇਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫ਼ਰੰਟ ਤੇ ਫੇਲ੍ਹ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ 24 ਘੰਟੇ ਬਿਜਲੀ ਦੇਣੀ ਤਾਂ ਦੂਰ ਦੀ ਗੱਲ ਹੈ, ਅੱਜ ਸ਼ਹਿਰਾਂ ਅਤੇ ਪਿੰਡਾਂ ਵਿਚ ਲੋਕਾਂ ਨੂੰ ਲੰਬੇ-ਲੰਬੇ ਅਣਐਲਾਨੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਸਬ ਡਿਵੀਜ਼ਨ ਤਪਾ ਦੇ ਐਸਡੀਐਮ ਆਯੂਸ਼ ਗੋਇਲ ਨੂੰ ਆਗੂਆਂ ਵਲੋਂ ਮੰਗ ਪੱਤਰ ਵੀ ਦਿੱਤਾ ਗਿਆ।
ਤਾਜ਼ਾ ਖ਼ਬਰਾਂ
Free
ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪ੍ਰਦਰਸ਼ਨ
ਲੁਧਿਆਣਾ/ਸ਼ਾਹਕੋਟ (ਜਲੰਧਰ)/ਤਪਾ ਮੰਡੀ, (ਬਰਨਾਲਾ ), 16 ਸਤੰਬਰ (ਪਰਮਿੰਦਰ ਸਿੰਘ ਅਹੂਜਾ/ਰੁਪੇਸ਼ ਕੁਮਾਰ/ਏ.ਐਸ. ਅਰੋੜਾ/ਸੁਖਦੀਪ ਸਿੰਘ/ਵਿਜੇ ਸ਼ਰਮਾ) - ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਬਿਜਲੀ ਦੇ ਲਗਾਤਾਰ ਲੱਗ...
ਅਜੀਤ ਡੈਸਕ
16-09-2026