ਫ਼ਤਹਿਗੜ ਸਾਹਿਬ, 21 ਮਈ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਹਰੇਕ ਪੱਖ ਤੋਂ ਲਾ-ਮਿਸਾਲ ਵਿਕਾਸ ਕਰਵਾ ਰਹੀ ਹੈ | ਪਿੰਡਾਂ ਅੰਦਰ ਖੇਡ ਮੈਦਾਨ, ਸੀਵਰੇਜ ਸਿਸਟਮ, ਸਟਰੀਟ ਲਾਈਟਾਂ, ਛੱਪੜਾਂ ਦੀ ਸਾਫ਼ ਸਫ਼ਾਈ ਤੋਂ ਲੈ ਕੇ ਪੇਂਡੂ ਖੇਤਰ ਦੀਆਂ ਸੜਕਾਂ ਆਦਿ ਦੇ ਕੰਮਾਂ ਨੂੰ ਪਹਿਲਕਦਮੀ ਨਾਲ ਕਰਵਾਇਆ ਜਾ ਰਿਹਾ ਹੈ | ਇਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਫ਼ਤਹਿਗੜ ਸਾਹਿਬ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਬਲਾਕ ਸੰਮਤੀ ਖੇੜਾ ਦੇ ਪਿੰਡਾਂ ਨੂੰ ਵਿਕਾਸ ਕੰਮਾਂ ਲਈ 96 ਲੱਖ ਰੁਪਏ ਦੀ ਗ੍ਰਾਂਟ ਮੁਹੱਈਆ ਕਰਵਾਉਣ ਵੇਲੇ ਕੀਤਾ | ਵਿਧਾਇਕ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਪ੍ਰਾਥਮਿਕਤਾ ਹੈ ਕਿ ਪਿੰਡਾਂ ਦੇ ਨੌਜਵਾਨਾਂ ਨੂੰ ਵਧੀਆ ਖੇਡ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ, ਤਾਂ ਜੋ ਉਹ ਆਪਣੀ ਊਰਜਾ ਨੂੰ ਸਹੀ ਦਿਸ਼ਾ ਵਿਚ ਲਗਾ ਸਕਣ | ਉਨਾਂ ਕਿਹਾ ਕਿ ਪੰਜਾਬ ਸਰਕਾਰ ਪਿੰਡ ਪੱਧਰ 'ਤੇ ਸੁਧਾਰ ਅਤੇ ਸੁਵਿਧਾਵਾਂ ਦੇ ਵਿਸਥਾਰ ਲਈ ਵਚਨਬੱਧ ਹੈ | ਉਨਾਂ ਕਿਹਾ ਕਿ ਜਾਰੀ ਕੀਤੀ ਗ੍ਰਾਂਟ ਨਾਲ ਬਲਾਕ ਖੇੜਾ ਅਧੀਨ ਆਉਂਦੇ ਪਿੰਡਾਂ ਵਿਚ ਚੱਲ ਰਹੇ ਪ੍ਰੋਜੈਕਟਾਂ ਨੂੰ ਹੋਰ ਗਤੀ ਮਿਲੇਗੀ | ਉਨਾਂ ਨੇ ਦੱਸਿਆ ਕਿ ਸਰਕਾਰ ਦਾ ਮੁੱਖ ਉਦੇਸ਼ ਹਰ ਪਿੰਡ ਨੂੰ ਆਧੁਨਿਕ ਅਤੇ ਸੁਵਿਧਾਜਨਕ ਬਣਾਉਣਾ ਹੈ ਤਾਂ ਜੋ ਪਿੰਡਾਂ ਦੇ ਵਸਨੀਕਾਂ ਨੂੰ ਸ਼ਹਿਰੀ ਸਹੂਲਤਾਂ ਵਰਗੀਆਂ ਸਹੂਲਤਾਂ ਉਪਲੱਬਧ ਹੋ ਸਕਣ | ਉਨਾਂ ਕਿਹਾ ਕਿ ਮੇਰੀ ਹਰ ਰੋਜ਼ ਕੋਸ਼ਿਸ਼ ਰਹਿੰਦੀ ਹੈ ਕਿ ਹਲਕੇ ਦਾ ਹਰ ਪਿੰਡ ਵਿਕਾਸ ਦੀ ਰਾਹ 'ਤੇ ਹੋਰ ਮਜ਼ਬੂਤੀ ਨਾਲ ਅੱਗੇ ਵਧੇ ਅਤੇ ਅਸੀਂ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉੱਤਰੀਏ | ਇਸ ਮੌਕੇ ਬੀ.ਡੀ.ਪੀ.ਓ. ਝਰਮਲ ਸਿੰਘ, ਸਰਪੰਚ ਚੰਦਨਦੀਪ, ਬਲਾਕ ਸੰਮਤੀ ਮੈਂਬਰ ਬਲਕਾਰ ਸਿੰਘ, ਸਰਪੰਚ ਦਲੇਰ ਸਿੰਘ, ਗੁਰਦੀਪ ਸਿੰਘ, ਗੁਰਮੁਖ ਸਿੰਘ, ਸਰਪੰਚ ਇੰਦਰਜੀਤ ਸਿੰਘ, ਪਿ੍ਤਪਾਲ ਸਿੰਘ, ਹਰਿੰਦਰ ਸਿੰਘ ਹਿੰਦਾ, ਬਲਜਿੰਦਰ ਸਿੰਘ, ਹਰਕੇਸ਼ ਸਿੰਘ, ਜਸਪ੍ਰੀਤ ਸਿੰਘ (ਸਾਰੇ ਸਰਪੰਚ), ਪਰਮਜੀਤ ਸਿੰਘ ਅਤੇ ਪੀ.ਏ. ਸਤੀਸ਼ ਕੁਮਾਰ ਲਟੌਰ ਵੀ ਹਾਜ਼ਰ ਸਨ |