ਫ਼ਤਹਿਗੜ੍ਹ ਸਾਹਿਬ, 23 ਮਈ (ਬਲਜਿੰਦਰ ਸਿੰਘ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ | ਇਸ ਵਿਚ ਪੁਰਾਣੀ ਪੈਨਸ਼ਨ ਦੀ ਬਹਾਲੀ, ਪੁਰਾਣੇ ਸਕੇਲ ਤੇ ਭੱਤਿਆਂ ਦੀ ਬਹਾਲੀ, ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਵਿਚ ਉਲਝਾਉਣਾ, ਵੱਖ-ਵੱਖ ਕੈਟਾਗਰੀਜ਼ ਦੇ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ, ਮੈਰਿਟ ਦੇ ਆਧਾਰ 'ਤੇ ਬਦਲੀਆਂ, ਬਾਰਡਰ ਏਰੀਆ ਭੱਤਾ ਤੇ ਪੇਂਡੂ ਏਰੀਆ ਭੱਤਾ ਦੀ ਬਹਾਲੀ, ਛੇਵਾਂ ਪੇਅ-ਕਮਿਸ਼ਨ ਲਾਗੂ ਹੋਣ ਸਮੇਂ ਬਣੀ ਜ਼ਿਲ੍ਹਾ ਪ੍ਰੀਸ਼ਦਾਂ ਤੋਂ ਆਏ ਅਧਿਆਪਕਾਂ ਦੀ ਆਪਸੀ ਸੀਨੀਅਰ ਜੂਨੀਅਰ ਪੇਅ ਅਨਾਮਲੀ ਬਾਰੇ ਚਰਚਾ ਕੀਤੀ ਗਈ | ਇਸ ਤੋਂ ਇਲਾਵਾ ਸਕੂਲਾਂ 'ਚ ਪਈਆਂ ਖ਼ਾਲੀ ਅਸਾਮੀਆਂ ਨੂੰ ਭਰਨ, ਨਵੀਂ ਸਿੱਖਿਆ ਨੀਤੀ ਰੱਦ ਕਰਾਉਣ, ਪੰਜਾਬ ਦੀ ਆਪਣੀ ਸਿੱਖਿਆ ਨੀਤੀ ਬਣਾਉਣ, ਸਿੱਖਿਆ ਪ੍ਰੋਵਾਈਡਰ, ਈ.ਜੀ.ਐਸ. ਵਲੰਟੀਅਰ, ਐਸ.ਟੀ.ਆਰ. ਅਧਿਆਪਕਾਂ ਨੂੰ ਸਿੱਖਿਆ ਵਿਭਾਗ 'ਚ ਲਿਆ ਕੇ ਰੈਗੂਲਰ ਕਰਾਉਣ ਲਈ ਲੰਬਾ ਸਮਾਂ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਵਿਚ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਕਿ ਪੰਜਾਬ ਸਰਕਾਰ ਦੀਆਂ ਅਧਿਆਪਕ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੀਤੀਆਂ ਖ਼ਾਸ ਕਰ ਮਹਿੰਗਾਈ ਭੱਤੇ ਦੇ ਮਸਲੇ 'ਤੇ ਸਰਕਾਰ ਦੀ ਨਾ ਪੱਖੀ ਨੀਤੀ ਦੀ ਨਿਖੇਧੀ ਕੀਤੀ ਗਈ | ਜਥੇਬੰਦੀ ਵਲੋਂ ਫ਼ੈਸਲਾ ਕੀਤਾ ਗਿਆ ਕਿ 2 ਜੂਨ ਨੂੰ ਮੋਹਾਲੀ ਵਿੱਦਿਆ ਭਵਨ ਵਿਖੇ ਰੋਸ ਪ੍ਰਦਰਸ਼ਨ ਤੇ ਰੋਸ ਰੈਲੀ ਕੀਤੀ ਜਾਵੇਗੀ | ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਰਾਜੇਸ਼ ਕੁਮਾਰ ਅਮਲੋਹ ਤੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਫੈਜੁਲਾਪੁਰ ਨੇ ਕਿਹਾ ਕਿ ਇਸ ਮਈ ਮਹੀਨੇ ਵਿਚ ਪ੍ਰੋਗਰਾਮਾਂ ਦੀ ਤਿਆਰੀ ਲਈ ਜੀ.ਟੀ.ਯੂ. ਵਲੋਂ ਜ਼ਿਲ੍ਹਾ ਪੱਧਰੀ ਤਿਆਰੀ ਸਬੰਧੀ ਮੀਟਿੰਗਾਂ ਕੀਤੀਆਂ ਜਾਣਗੀਆਂ | 27 ਸਤੰਬਰ ਨੂੰ ਅੰਮਿ੍ਤਸਰ ਵਿਖੇ ਜਨਰਲ ਕੌਂਸਲ ਇਜਲਾਸ ਕਰਨ ਦਾ ਫ਼ੈਸਲਾ ਕੀਤਾ ਗਿਆ | ਇਸ ਮੌਕੇ ਰਣਜੀਤ ਸਿੰਘ ਬਰਵਾਲੀ, ਰਾਜਿੰਦਰ ਸਿੰਘ ਰਾਜਨ, ਸਤਿੰਦਰ ਸਿੰਘ, ਆਸ਼ੂਤੋਸ ਧੀਮਾਨ, ਜਸਵੀਰ ਸਿੰਘ, ਚਰਨਜੀਤ ਸਿੰਘ, ਹਾਕਮ ਖਾਂ, ਮਨਜੀਤ ਸਿੰਘ, ਸੱਤਿਆਵਾਨ, ਕੁਲਵਿੰਦਰ ਸਿੰਘ, ਨੀਰਜ ਪਾਲ ਅਤੇ ਸ਼ਿਵਲੋਚਨ ਸਿੰਘ ਆਦਿ ਆਗੂ ਹਾਜ਼ਰ ਸਨ |