ਫ਼ਤਹਿਗੜ੍ਹ ਸਾਹਿਬ, 27 ਮਈ (ਮਨਪ੍ਰੀਤ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੇ ਅਧੀਨ ਹੋ ਰਹੀਆਂ ਚੋਣਾਂ 'ਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਵਾਲੇ ਸਾਰੇ ਵੋਟਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਕੌਂਸਲਰ ਚੁਣਨ ਵਿਚ ਆਪਣਾ ਯੋਗਦਾਨ ਪਾਇਆ ਹੈ | ਉਨ੍ਹਾਂ ਕਿਹਾ ਕਿ ਸਰਹਿੰਦ ਫ਼ਤਹਿਗੜ੍ਹ ਸਾਹਿਬ ਅਧੀਨ 23 ਵਾਰਡਾਂ ਦੀ ਚੋਣ ਸ਼ਾਂਤੀਪੂਰਵਕ ਸੰਪੰਨ ਹੋਈ ਹੈ | ਜਿਸ ਦੇ ਨਤੀਜੇ 29 ਮਈ ਨੂੰ ਆਉਣਗੇ | ਇਸ ਦੇ ਲਈ ਅਸੀਂ ਜਿੱਥੇ ਜ਼ਿਲ੍ਹਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਧੰਨਵਾਦੀ ਹਾਂ, ਉੱਥੇ ਹੀ ਇੱਥੋਂ ਦੇ ਨਾਗਰਿਕਾਂ ਦੇ ਵੀ ਧੰਨਵਾਦੀ ਹਾਂ, ਜਿਨ੍ਹਾਂ ਨੇ ਮਾਹੌਲ ਨੂੰ ਸ਼ਾਂਤੀਪੂਰਵਕ ਬਣਾਈ ਰੱਖਿਆ ਅਤੇ ਅਮਨ ਅਮਾਨ ਦੇ ਨਾਲ ਵੋਟਾਂ ਦੀ ਪ੍ਰਕਿਰਿਆ ਨੂੰ ਸਿਰੇ ਚੜ੍ਹਾਇਆ | ਉਨ੍ਹਾਂ ਕਿਹਾ ਕਿ ਭਾਵੇਂ ਵੋਟਰਾਂ ਨੇ ਵੋਟ ਕਿਸੇ ਵੀ ਪਾਰਟੀ ਨੂੰ ਦਿੱਤੀ ਹੋਵੇ, ਉਨ੍ਹਾਂ ਨੇ ਸ਼ਹਿਰ ਦੇ ਵਿਕਾਸ ਨੂੰ ਗਤੀ ਦੇਣ ਦੇ ਲਈ ਆਪਣੇ ਵੋਟ ਦਾ ਇਸਤੇਮਾਲ ਕੀਤਾ ਹੈ, ਕਿਉਂਕਿ ਵੋਟ ਇਕ ਅਜਿਹਾ ਅਧਿਕਾਰ ਹੈ, ਜੋ ਭਾਰਤੀ ਸੰਵਿਧਾਨ ਦੇ ਅਨੁਸਾਰ ਸਾਨੂੰ ਪ੍ਰਾਪਤ ਹੋਇਆ ਹੈ | ਹਰ ਵਿਅਕਤੀ ਆਪਣੀ ਮਰਜ਼ੀ ਅਨੁਸਾਰ ਵਿਅਕਤੀ ਨੂੰ ਚੁਣ ਸਕਦਾ ਹੈ | ਉਨ੍ਹਾਂ ਕਿਹਾ ਕਿ ਵੋਟਰਾਂ ਨੇ ਗਰਮੀ ਦੀ ਪ੍ਰਵਾਹ ਨਾ ਕਰਦਿਆਂ ਆਪਣੇ ਲੋਕਤਾਂਤਰਿਕ ਅਧਿਕਾਰ ਦਾ ਇਸਤੇਮਾਲ ਕੀਤਾ | ਗਰਮੀ ਵਿਚ ਬਹੁਤ ਸਾਰੇ ਉਮੀਦਵਾਰਾਂ ਵਲੋਂ ਠੰਡੇ ਪਾਣੀ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ, ਜੋ ਕਿ ਬਹੁਤ ਹੀ ਸ਼ਲਾਘਾਯੋਗ ਕਾਰਜ ਸੀ | ਅਜਿਹਾ ਮਾਹੌਲ ਬਣਾ ਕੇ ਜਿੱਥੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਗਿਆ, ਉੱਥੇ ਹੀ ਲੜਾਈ ਝਗੜੇ ਤੋਂ ਵੀ ਬਚਿਆ ਗਿਆ ਹੈ |