ਰਾਜਪੁਰਾ, 27 ਮਈ (ਜੀ.ਪੀ. ਸਿੰਘ)-ਸਥਾਨਕ ਟਰੈਫਿਕ ਪੁਲਿਸ ਵਲੋਂ ਅੱਜ ਸ਼ਾਮ ਗਗਨ ਚੌਂਕ ਸਮੇਤ ਹੋਰਨਾਂ ਥਾਵਾਂ 'ਤੇ ਨਾਕਾਬੰਦੀ ਕਰਕੇ ਕਮਰਸ਼ੀਅਲ ਵਰਤੋਂ ਵਾਲੀਆਂ ਟਰੈਕਟਰ ਟਰਾਲੀਆਂ ਸਣੇ ਗਲਤ ਪਾਰਕਿੰਗ ਵਾਲੀਆਂ ਕਾਰਾਂ ਦੇ ਕੁਲ 15 ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ | ਜਾਣਕਾਰੀ ਅਨੁਸਾਰ ਟ੍ਰੈਫਿਕ ਪੁਲਿਸ ਰਾਜਪੁਰਾ ਦੇ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਪਟਿਆਲਾ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੁਲਿਸ ਕਪਤਾਨ ਟਰੈਫਿਕ ਹਰਿੰਦਰ ਸਿੰਘ ਮਾਨ ਅਤੇ ਡੀ.ਐੱਸ.ਪੀ. ਟਰੈਫਿਕ ਪੁਨੀਤ ਸਿੰਘ ਚਹਿਲ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਅਤੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਸਣੇ ਗਗਨ ਚੌਂਕ ਨੇੜੇ ਨਾਕਾਬੰਦੀ ਸਮੇਤ ਥਾਵਾਂ 'ਤੇ ਨਾਕਾਬੰਦੀ ਕੀਤੀ ਗਈ | ਇਸ ਦੌਰਾਨ ਪੰਜ ਟਰੈਕਟਰ ਟਰਾਲੀਆਂ ਜਿਨ੍ਹਾਂ ਦੀ ਮਾਲ ਦੀ ਢੋਆ ਢੁਆਈ ਕਰਕੇ ਕਮਰਸ਼ੀਅਲ ਤੌਰ ਤੇ ਵਰਤੋਂ ਕੀਤੀ ਜਾ ਰਹੀ ਸੀ, ਗਲਤ ਪਾਰਕਿੰਗ ਕਰਕੇ ਖੜੀਆਂ 10 ਕਾਰ ਚਾਲਕਾਂ ਦੇ ਚਲਾਨ ਕੱਟੇ ਗਏ | ਟ੍ਰੈਫਿਕ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਵਾਰ ਵਾਰ ਸਮਝਾਉਣ ਅਤੇ ਦੱਸਣ ਦੇ ਬਾਵਜੂਦ ਵੀ ਜੇ ਕਰ ਕੋਈ ਟਰੈਫਿਕ ਨਿਯਮਾਂ ਦੀ ਪਾਲਨਾ ਨਹੀਂ ਕਰਦਾ ਤਾਂ ਉਸ ਦਾ ਚਲਾਨ ਕੱਟਿਆ ਜਾਵੇਗਾ ਤੇ ਕਿਸੇ ਦੀ ਸਿਫਾਰਿਸ਼ ਨੂੰ ਨਹੀਂ ਮੰਨਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਰਾਜਪੁਰਾ ਟਾਊਨ ਵਿਖੇ ਟਾਹਲੀ ਵਾਲਾ ਚੌਂਕ ਦੇ ਬਿਲਕੁਲ ਨਾਲ ਪਾਰਕਿੰਗ ਬਣਾਈ ਹੋਈ | ਜੇਕਰ ਕੋਈ ਵਿਅਕਤੀ ਆਪਣੇ ਪਰਿਵਾਰ ਸਣੇ ਬਾਜ਼ਾਰ ਦੇ ਵਿਚ ਖਰੀਦ ਫਰੋਖਤ ਕਰਨ ਜਾਂਦਾ ਹੈ ਤਾਂ ਉਹ ਆਪਣੀ ਕਾਰ ਨਿਰਧਾਰਿਤ ਕਾਰ ਪਾਰਕਿੰਗ ਦੇ ਵਿਚ ਖੜ੍ਹੀ ਕਰਕੇ ਜਾਵੇ | ਉਨ੍ਹਾਂ ਵਲੋਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਵਾਜਾਈ ਨਿਯਮਾਂ ਦੀ ਪਾਲਣਾ ਕਰਦੇ ਹੋਏ ਟਰੈਕ ਪੁਲਿਸ ਦਾ ਸਾਥ ਦੇਣ |