ਭੁੱਨਰਹੇੜੀ, 28 ਮਈ (ਧਨਵੰਤ ਸਿੰਘ)-ਪਵਿੱਤਰ ਅਸਥਾਨ ਹਜ਼ਰਤ ਅਸਤਬਲੀ ਪੀਰ ਸ਼ਾਇਦ ਹੁਸੈਨ ਦੀ ਯਾਦ 'ਚ ਮਨਾਇਆ ਗਿਆ ਸਲਾਨਾ ਮੇਲਾ ਇਸ ਵਾਰ ਵੀ ਬੜੀ ਸ਼ਾਨੋ-ਸ਼ੌਕਤ ਅਤੇ ਸ਼ਰਧਾ ਭਾਵਨਾ ਨਾਲ ਸੰਪੰਨ ਹੋਇਆ | ਇਸ ਮੌਕੇ ਸ਼ਰਧਾਲੂਆਂ ਨੇ ਦਰਗਾਹ 'ਤੇ ਮੱਥਾ ਟੇਕ ਕੇ ਅਕੀਦਤ ਪੇਸ਼ ਕੀਤੀ ਅਤੇ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਦੁਆਵਾਂ ਮੰਗੀਆਂ | ਮੇਲੇ ਦੌਰਾਨ ਚਾਦਰ ਚੜ੍ਹਾਉਣ ਦੀ ਪਵਿੱਤਰ ਰਸਮ ਵੀ ਹੋਈ | ਸ਼ਰਧਾਲੂਆਂ ਨੇ ਚਾਦਰਾਂ ਅਤੇ ਫੁੱਲਾਂ ਨਾਲ ਦਰਗਾਹ ਨੂੰ ਨਿਵਾਜ ਕੇ ਆਪਣੀ ਅਟੱਲ ਸ਼ਰਧਾ ਦਾ ਪ੍ਰਗਟਾਵਾ ਕੀਤਾ | ਇਸ ਰਸਮ ਨੇ ਪੂਰੇ ਮਾਹੌਲ ਨੂੰ ਰੂਹਾਨੀ ਰੰਗ ਵਿਚ ਰੰਗ ਦਿੱਤਾ | ਇਸ ਦੇ ਨਾਲ ਹੀ ਲੰਗਰ ਦੀ ਨਿਸ਼ਕਾਮ ਸੇਵਾ ਵੀ ਲਗਾਤਾਰ ਜਾਰੀ ਰਹੀ | ਸੇਵਾਦਾਰਾਂ ਵਲੋਂ ਪ੍ਰੇਮ ਅਤੇ ਸਮਰਪਣ ਨਾਲ ਲੰਗਰ ਤਿਆਰ ਕਰਕੇ ਹਰ ਆਏ ਹੋਏ ਵਿਅਕਤੀ ਨੂੰ ਬਿਨਾ ਕਿਸੇ ਭੇਦਭਾਵ ਦੇ ਛਕਾਇਆ ਗਿਆ | ਇਹ ਦਿ੍ਸ਼ ਸਾਂਝੀਵਾਲਤਾ, ਸਮਾਨਤਾ ਅਤੇ ਇਨਸਾਨੀਅਤ ਦੀ ਜੀਵੰਤ ਮਿਸਾਲ ਵਜੋਂ ਸਾਹਮਣੇ ਆਇਆ | ਮੇਲੇ 'ਚ ਆਮ ਸੰਗਤ ਤੋਂ ਇਲਾਵਾ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ | ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ, ਗੁਰਮੀਤ ਸਿੰਘ ਬਿੱਟੂ, ਕਾਂਗਰਸ ਦੇ ਸੀਨੀਅਰ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਨਿਰਮਲ ਸਿੰਘ ਭੱਟੀਆਂ, ਇਸ ਤੋਂ ਇਲਾਵਾ ਨਸੀਬ ਅਲੀ ਖਾਨ ਭੁੱਨਰਹੇੜੀ, ਕੁਲਦੀਪ ਸਿੰਘ ਕਾਲਾ (ਸਾਬਕਾ ਪ੍ਰਧਾਨ ਨਗਰ ਕੌਂਸਲ ਸਨੌਰ), ਕਾਹਨ ਸਿੰਘ ਮੰਜਾਲ, ਰਾਮ ਸਿੰਘ ਤੇਜਾ ਅਤੇ ਗੁਰਮੀਤ ਬਾਵਾ ਨੇ ਦਰਗਾਹ 'ਤੇ ਮੱਥਾ ਟੇਕ ਕੇ ਅਸੀਸਾਂ ਲਈਆਂ | ਇਸ ਮੌਕੇ ਨਿਰਮਲ ਸਿੰਘ ਭੱਟੀਆਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਹ ਪਵਿੱਤਰ ਧਰਤੀ ਸਿਰਫ ਇਕ ਧਾਰਮਿਕ ਅਸਥਾਨ ਨਹੀਂ, ਸਗੋਂ ਭਗਤੀ ਅਤੇ ਸੁਫੀ ਲਹਿਰ ਦਾ ਕੇਂਦਰ ਹੈ, ਜਿਸ ਨੇ ਮਨੁੱਖਤਾ ਨੂੰ ਸੱਚੇ ਰਸਤੇ ਦੀ ਪਛਾਣ ਕਰਵਾਈ ਹੈ | ਗੁਰੂਆਂ, ਭਗਤਾਂ, ਪੀਰਾਂ ਅਤੇ ਫਕੀਰਾਂ ਨੇ ਹਮੇਸ਼ਾ ਪਿਆਰ, ਸਹਿਣਸ਼ੀਲਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ | ਉਨ੍ਹਾਂ ਦੇ ਉਪਦੇਸ ਸਾਨੂੰ ਸਿਖਾਉਂਦੇ ਹਨ ਕਿ ਮਨੁੱਖਤਾ ਦੀ ਸੇਵਾ, ਨਿਮਰਤਾ ਅਤੇ ਸਚਾਈ ਨਾਲ ਜੀਵਨ ਬਿਤਾਉਣਾ ਹੀ ਅਸਲ ਧਰਮ ਹੈ |