ਗੰਨੇ ਦੀ ਬਕਾਇਆ ਸਬਸਿਡੀ ਲਈ ਅਮਲੋਹ ਮਿੱਲ ਦੇ ਪ੍ਰਬੰਧਕਾਂ ਨਾਲ ਕਿਸਾਨਾਂ ਨੇ ਕੀਤੀ ਮੀਟਿੰਗ
ਅਜੀਤ ਡੈਸਕ
30-05-2026
ਅਮਲੋਹ, 29 ਮਈ (ਹਰਪ੍ਰੀਤ ਸਿੰਘ ਗਿੱਲ)-ਨਾਹਰ ਸ਼ੂਗਰ ਮਿੱਲ ਅਮਲੋਹ ਵਿਖੇ ਇਸ ਮਿਲ ਦੇ ਅਧੀਨ ਖੇਤਰ ਦੇ ਕਿਸਾਨਾਂ ਵਲੋਂ ਗੰਨੇ ਦੀ ਬਕਾਇਆ ਸਬਸਿਡੀ ਦੇ ਮੁੱਦੇ ਨੂੰ ਲੈ ਕੇ ਮਿੱਲ ਮੈਨੇਜਮੈਂਟ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿਚ ਕਿਸਾਨਾਂ ਨੇ ਤੁਰੰਤ ਅਦਾਇਗੀ ਕਰਨ ਦੀ ਪੁਰਜ਼ੋਰ ਅਪੀਲ ਕਰਦਿਆਂ ਮੰਗਾਂ ਨਾ ਮੰਨੇ ਜਾਣ 'ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ | ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਆਪਣੀ ਮਾੜੀ ਆਰਥਿਕ ਸਥਿਤੀ ਦਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਕੁਦਰਤ ਦੀ ਕਰੋਪੀ ਕਾਰਨ ਪਹਿਲਾਂ ਝੋਨੇ ਦੀ ਫ਼ਸਲ ਮਾਰੀ ਗਈ ਅਤੇ ਹੁਣ ਕਮਾਦ (ਗੰਨੇ) ਦਾ ਝਾੜ ਵੀ ਬਹੁਤ ਘੱਟ ਰਹਿਣ ਕਾਰਨ ਕਿਸਾਨ ਪਹਿਲਾਂ ਹੀ ਭਾਰੀ ਆਰਥਿਕ ਤੰਗੀ ਦੇ ਦੌਰ 'ਚੋਂ ਗੁਜ਼ਰ ਰਹੇ ਹਨ | ਦੂਜੇ ਪਾਸੇ ਖੇਤੀ ਲਾਗਤ ਦੀਆਂ ਵਸਤਾਂ ਬਹੁਤ ਮਹਿੰਗੀਆਂ ਹੋਣ ਕਾਰਨ ਫ਼ਸਲਾਂ 'ਤੇ ਆਉਣ ਵਾਲਾ ਖਰਚਾ ਕਈ ਗੁਣਾ ਵੱਧ ਗਿਆ ਹੈ, ਜਿਸ ਕਾਰਨ ਕਿਸਾਨਾਂ ਦੀ ਰੀੜ੍ਹ ਦੀ ਹੱਡੀ ਟੁੱਟ ਚੁੱਕੀ ਹੈ | ਕਿਸਾਨਾਂ ਨੇ ਜ਼ੋਰ ਦੇ ਕੇ ਆਖਿਆ ਕਿ ਜੇਕਰ ਇਹ ਬਕਾਇਆ ਪੈਸੇ ਸਰਕਾਰ ਦੁਆਰਾ ਜਲਦੀ ਨਾ ਪਾਏ ਗਏ ਤਾਂ ਉਹ ਆਪਣੀਆਂ ਅਗਲੀਆਂ ਫ਼ਸਲਾਂ ਪਾਲਨ ਲਈ ਵੀ ਬੇਬਸ ਹੋ ਜਾਣਗੇ, ਇਸ ਲਈ ਸਰਕਾਰ ਨੂੰ ਬਿਨਾਂ ਦੇਰੀ ਤੁਰੰਤ ਇਹ ਭੁਗਤਾਨ ਕਰਨਾ ਚਾਹੀਦਾ ਹੈ | ਇਸ ਮੁੱਦੇ 'ਤੇ ਗੰਨਾ ਮੁਖੀ ਸੁਧੀਰ ਕੁਮਾਰ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਮਿੱਲ ਦਾ ਪੱਖ ਰੱਖਦਿਆਂ ਦੱਸਿਆ ਕਿ ਮਿੱਲ ਪ੍ਰਬੰਧਕਾਂ ਵਲੋਂ ਏ.ਸੀ.ਡੀ.ਓ. ਪਟਿਆਲਾ ਅਤੇ ਕੇਨ ਕਮਿਸ਼ਨਰ ਪੰਜਾਬ ਕੋਲ ਲਗਾਤਾਰ ਇਹ ਮੁੱਦਾ ਉਠਾਇਆ ਜਾ ਰਿਹਾ ਹੈ | ਮਿਲ ਦੇ ਗੰਨਾ ਮੁਖੀ ਨੇ ਦੱਸਿਆ ਕਿ ਸਰਕਾਰ ਵਲੋਂ ਸਬਸਿਡੀ ਦੀ ਇਕ ਕਿਸ਼ਤ, ਜੋ ਕਿ ਲਗਪਗ 5.10 ਕਰੋੜ ਬਣਦੀ ਹੈ, ਪਹਿਲਾਂ ਹੀ ਕਿਸਾਨਾਂ ਦੇ ਖਾਤਿਆਂ ਵਿਚ ਪਾਈ ਜਾ ਚੁੱਕੀ ਹੈ ਅਤੇ ਹੁਣ ਉੱਚ ਅਧਿਕਾਰੀਆਂ ਵਲੋਂ ਇਹ ਪੂਰਾ ਯਕੀਨ ਦਿਵਾਇਆ ਗਿਆ ਹੈ ਕਿ ਰਹਿੰਦੀ ਬਕਾਇਆ ਰਾਸ਼ੀ ਵੀ ਜਲਦੀ ਤੋਂ ਜਲਦੀ ਕਿਸਾਨਾਂ ਦੇ ਖਾਤਿਆਂ ਵਿਚ ਟ੍ਰਾਂਸਫ਼ਰ ਕਰ ਦਿੱਤੀ ਜਾਵੇਗੀ |
ਇਸ ਮੌਕੇ ਮਿੱਲ ਪ੍ਰਬੰਧਕਾਂ ਨੂੰ ਮਿਲਣ ਪਹੁੰਚੇ ਕਿਸਾਨਾਂ ਵਿਚ ਰਾਜਿੰਦਰ ਸਿੰਘ, ਸੁੱਚਾ ਸਿੰਘ, ਗੁਰਪ੍ਰੀਤ ਸਿੰਘ, ਹਰਤੇਜ ਸਿੰਘ, ਜਸਵੰਤ ਸਿੰਘ, ਜਗਦੀਸ਼ ਸਿੰਘ, ਪ੍ਰਗਟ ਸਿੰਘ, ਗੁਰਵਿੰਦਰ ਸਿੰਘ, ਮਨਜੀਤ ਸਿੰਘ, ਹਰਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਸਮੇਤ ਫ਼ਤਹਿਗੜ੍ਹ ਸਾਹਿਬ ਇਲਾਕੇ ਦੇ ਵੱਡੀ ਗਿਣਤੀ ਵਿਚ ਹੋਰ ਕਿਸਾਨ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਸਨ, ਜਿਨ੍ਹਾਂ ਨੇ ਇਕਸੁਰ ਵਿਚ ਜਲਦ ਨਿਪਟਾਰੇ ਦੀ ਮੰਗ ਕੀਤੀ |